ਟਕਸਾਲੀਆਂ ਨੇ ਵਧਾ ਹੀ ਦਿੱਤੀਆਂ ਬੀਬੀ ਜਗੀਰ ਕੌਰ ਦੀਆਂ ਮੁਸ਼ਕਿਲਾਂ !!!

Last Updated: Apr 15 2019 16:13
Reading time: 3 mins, 18 secs

ਸੂਬੇ ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਅਜੇ ਇੱਕ ਮਹੀਨਾ ਅਤੇ ਕੁਝ ਕੁ ਦਿਨ ਬਾਕੀ ਹੋਣ ਕਾਰਨ ਪੰਜਾਬ ਦੇ ਸਿਆਸੀ ਸਮੀਕਰਨਾਂ ਵਿੱਚ ਆਏ ਦਿਨ ਕਈ ਤਰ੍ਹਾਂ ਦੇ ਫੇਰਬਦਲ ਵੇਖਣ ਨੂੰ ਮਿਲ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸੱਤਾਧਾਰੀ ਕਾਂਗਰਸ ਵਰਗੀਆਂ ਰਿਵਾਇਤੀ ਪਾਰਟੀਆਂ ਦਾ ਸੂਬੇ ਵਿੱਚ ਅਧਾਰ ਭਾਵੇਂ ਬਹੁਤ ਮਜ਼ਬੂਤ ਹੈ, ਪਰ ਸੂਬੇ ਦੇ ਸਿਆਸੀ ਧਰਾਤਲ 'ਤੇ ਉੱਭਰੀਆਂ ਕੁਝ ਨਵੀਆਂ ਸਿਆਸੀ ਪਾਰਟੀਆਂ ਦੀ ਆਮਦ ਕਾਰਨ ਇਸ ਵਾਰ ਦਾ ਚੋਣ ਦੰਗਲ ਪਹਿਲਾਂ ਦੇ ਮੁਕਾਬਲੇ ਕਾਫੀ ਪੇਚੀਦਾ ਜ਼ਰੂਰ ਹੋ ਗਿਆ ਲੱਗਦਾ ਹੈ। 

ਜੇਕਰ ਲੋਕਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਸ ਪੰਥਕ ਹਲਕੇ ਵਿਖੇ ਹੋਣ ਵਾਲਾ ਸਿਆਸੀ ਦੰਗਲ ਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਲਈ ਕਾਫੀ ਮੁਸ਼ਕਿਲ ਅਤੇ ਪੇਚੀਦਾ ਬਣ ਗਿਆ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਣ ਵਾਲੇ ਸੀਨੀਅਰ ਟਕਸਾਲੀ ਆਗੂਆਂ ਦੁਆਰਾ ਬਣਾਈ ਗਈ ਨਵੀਂ ਪਾਰਟੀ 'ਅਕਾਲੀ ਦਲ ਟਕਸਾਲੀ' ਵੱਲੋਂ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਪਣੇ ਉੁਤਾਰੇ ਗਏ ਉਮੀਦਵਾਰ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਦਾ ਨਾਮ ਵਾਪਸ ਲੈ ਲਏ ਜਾਣ ਅਤੇ ਆਪਣਾ ਸਮਰਥਨ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਬੀਬੀ ਜਗੀਰ ਕੌਰ ਦੀਆਂ ਮੁਸ਼ਕਿਲਾਂ ਅਚਾਨਕ ਵਧ ਗਈਆਂ ਹਨ। 

ਜ਼ਿਕਰਯੋਗ ਹੈ ਕਿ ਸੀਨੀਅਰ ਟਕਸਾਲੀ ਆਗੂਆਂ ਦੇੇ ਵੱਖ ਜੋ ਜਾਣ ਤੋਂ ਬਾਅਦ ਲੋਕਸਭਾ ਹਲਕਾ ਖਡੂਰ ਸਾਹਿਬ ਦੀ ਸੀਟ 'ਤੇ ਹਰ ਹਾਲਤ ਵਿੱਚ ਜਿੱਤ ਦਰਜ ਕਰਨਾ ਸ਼੍ਰੋਮਣੀ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਹੈ ਕਿਉਂਕਿ 2014 ਦੀਆਂ ਲੋਕਸਭਾ ਚੋਣਾਂ ਵਿੱਚ ਜੱਥੇਦਾਰ ਰਣਜੀਤ ਸਿੰਘ ਵੱਲੋਂ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੀ ਜਿੱਤ ਦਰਜ ਕੀਤੀ ਗਈ ਸੀ, ਪਰ ਹੁਣ ਇਸ ਪੰਥਕ ਹਲਕੇ 'ਤੇ ਹਰ ਹਾਲਤ ਵਿੱਚ ਆਪਣੀ ਸਰਦਾਰੀ ਕਾਇਮ ਕਰਕੇ ਸ਼੍ਰੋਮਣੀ ਅਕਾਲੀ ਦਲ ਇਹ ਸਿੱਧ ਕਰਨਾ ਚਾਹੁੰਦਾ ਸੀ ਕਿ 2014 ਵਿੱਚ ਜੱਥੇਦਾਰ ਬ੍ਰਹਮਪੁਰਾ ਦੀ ਹੋਈ ਵੱਡੀ ਜਿੱਤ ਪਾਰਟੀ ਦੇ ਕਰਕੇ ਹੋਈ ਸੀ ਨਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਆਪਣੇ ਵਜੂਦ ਕਰਕੇ, ਇਸੇ ਕਰਕੇ ਹੀ ਖਡੂਰ ਸਾਹਿਬ ਵਰਗੇ ਪੰਥਕ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਮਜ਼ਬੂਤ ਸਮਝੀ ਜਾਂਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। 

ਇਹ ਵੀ ਦੱਸਣਾ ਬਣਦਾ ਹੈ ਕਿ ਸੁਖਪਾਲ ਸਿੰਘ ਖਹਿਰਾ, ਐਡਵੋਕੇਟ ਐੱਚ.ਐੱਸ. ਫੂਲਕਾ ਅਤੇ ਕੁਝ ਹੋਰ ਪੰਥ ਹਿਤੈਸ਼ੀਆਂ ਵੱਲੋਂ ਟਕਸਾਲੀਆਂ ਅਤੇ 'ਆਪ' ਤੋਂ ਵਾਰ-ਵਾਰ ਮੰਗ ਕੀਤੀ ਗਈ ਸੀ ਕਿ ਜੇਕਰ ਬੀਬੀ ਜਗੀਰ ਕੌਰ ਨੂੰ ਮਾਤ ਦੇਣੀ ਹੈ ਤਾਂ ਟਕਸਾਲੀ ਅਕਾਲੀਆਂ ਅਤੇ 'ਆਪ' ਨੂੰ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈ ਲੈਣਾ ਚਾਹੀਦਾ ਹੈ, ਅਤੇ ਆਪਣਾ ਸਮਰਥਨ ਬਿਨਾਂ-ਸ਼ਰਤ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦੇ ਦੇਣਾ ਚਾਹੀਦਾ ਹੈ, ਪਰ ਉਸ ਵੇਲੇ ਇਸ ਮਾਮਲੇ ਨੂੰ ਲੈ ਕੇ ਪ੍ਰਮੁੱਖ ਟਕਸਾਲੀ ਆਗੂਆਂ ਦੇ ਵੱਖਰੇ-ਵੱਖਰੇ ਵਿਚਾਰ ਸਨ, ਜਿਸ ਦੇ ਚੱਲਦਿਆਂ ਜੱਥੇਦਾਰ ਬ੍ਰਹਮਪੁਰਾ ਅਤੇ ਭਗਵੰਤ ਮਾਨ ਨੇ ਉੱਕਤ ਪ੍ਰਸਤਾਵ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਜਿਹੀ ਸਰਗਰਮ ਰਾਜਨੀਤੀ ਵਿੱਚ ਆਉਣ ਦੀ ਬਜਾਏ ਰਾਜ-ਸਭਾ ਵੱਲ ਰੁਖ ਕਰਨਾ ਚਾਹੀਦਾ ਹੈ। 

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਟਕਸਾਲੀ ਅਕਾਲੀਆਂ ਵੱਲੋਂ ਆਪਣੇ ਉਮੀਦਵਾਰ ਦਾ ਨਾਮ ਵਾਸਪ ਨਾ ਲਿਆ ਜਾਂਦਾ ਅਤੇ ਆਪਣਾ ਸਮਰਥਨ ਬੀਬੀ ਪਰਮਜੀਤ ਕੌਰ ਨੂੰ ਦੇਣ ਦਾ ਫੈਸਲਾ ਨਾ ਲਿਆ ਜਾਂਦਾ ਤਾਂ ਇਸ ਦਾ ਸਿੱਧਾ ਫਾਇਦਾ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੀ ਮਿਲਣਾ ਸੀ, ਕਿਉਂਕਿ ਮੌਜੂਦਾ ਸਮੇਂ ਪੰਜਾਬ ਦੀ ਸੱਤਾਧਾਰੀ ਪਾਰਟੀ ਹੋਣ ਕਾਰਨ ਕਾਂਗਰਸ ਦੇ ਉਮੀਦਵਾਰ ਦੀ ਸਥਿਤੀ ਵੀ ਕਾਫੀ ਮਜ਼ਬੂਤ ਲੱਗਦੀ ਹੈ, ਅਤੇ ਜੇਕਰ ਪੰਥਕ ਸੋਚ ਰੱਖਣ ਵਾਲੇ ਵੋਟਰਾਂ ਦੀਆਂ ਵੋਟਾਂ ਬੀਬੀ ਖਾਲੜਾ ਅਤੇ ਬੀਬੀ ਜਗੀਰ ਕੌਰ ਵਿੱਚ ਵੰਡੀਆਂ ਜਾਂਦੀਆਂ ਤਾਂ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਸੀ, ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਖਡੂਰ ਸਾਹਿਬ ਹਲਕੇ ਅੰਦਰ 'ਆਮ ਆਦਮੀ ਪਾਰਟੀ' ਦਾ ਅਧਾਰ ਅਤੇ ਉਸ ਵੱਲੋਂ ਉਤਾਰੇ ਗਏ ਉਮੀਦਵਾਰ ਦੀ ਪਕੜ ਇੱਥੋਂ ਦੇ ਲੋਕਾਂ ਵਿੱਚ ਕੋਈ ਖਾਸ ਮਜ਼ਬੂਤ ਨਹੀਂ ਹੈ। 

ਇਹ ਵੀ ਦੱਸਣਾ ਬਣਦਾ ਹੈ ਕਿ ਟਕਸਾਲੀ ਅਕਾਲੀਆਂ ਵੱਲੋਂ ਬੀਬੀ ਖਾਲੜਾ ਨੂੰ ਸਮਰਥਨ ਦੇਣ ਦੇ ਕੀਤੇ ਗਏ ਐਲਾਨ ਨੂੰ ਸੂਬੇ ਵਿਚਲੇ ਪੰਥ ਹਿਤੈਸ਼ੀਆਂ ਵੱਲੋਂ ਸਮੇਂ-ਸਿਰ ਲਿਆ ਚੰਗਾ ਕਦਮ ਕਿਹਾ ਜਾ ਰਿਹਾ ਹੈ ਅਤੇ ਇਸ ਕਦਮ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੀ ਸੰਭਾਵਿਤ ਜਿੱਤ ਵੱਜੋਂ ਵੀ ਵੇਖਿਆ ਜਾ ਰਿਹਾ ਹੈ। ਇਸ ਅਹਿਮ ਘਟਨਾਕ੍ਰਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਬੀ ਜਗੀਰ ਕੌਰ ਦੀਆਂ ਚਿੰਤਾਵਾਂ ਵਿੱਚ ਅਚਾਨਕ ਵਾਧਾ ਹੋ ਗਿਆ ਹੈ, ਕਿਉਂਕਿ ਹਲਕਾ ਖਡੂਰ ਸਾਹਿਬ ਨੂੰ ਲੈ ਕੇ ਜਿਸ ਗੱਲ ਦਾ ਖਦਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਬੀਬੀ ਜਗੀਰ ਕੌਰ ਨੂੰ ਸੀ, ਉਹੀ ਹੋ ਗਿਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।