ਬੇਖ਼ੌਫ ਹੋਏ ਚੋਰਾਂ ਨੇ ਪੁਲਿਸ ਦੀ ਨੱਕ 'ਚ ਕੀਤਾ ਦਮ, ਲਗਾਤਾਰ ਦੇ ਰਹੇ ਚੋਰੀਆਂ ਦੀ ਵਾਰਦਾਤਾਂ ਨੂੰ ਅੰਜਾਮ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 15 2019 16:00
Reading time: 2 mins, 42 secs

ਆਏ ਦਿਨ ਦੁਕਾਨਾਂ ਦੇ ਤਾਲੇ ਅਤੇ ਸ਼ਟਰ ਤੋੜ ਕੇ ਕੀਮਤੀ ਸਮਾਨ ਚੋਰੀ ਕਰਨ, ਰਾਹਗੀਰ ਲੜਕੀਆਂ, ਮਹਿਲਾਵਾਂ ਕੋਲੋਂ ਪਰਸ, ਮੋਬਾਈਲ ਫ਼ੋਨ ਤੇ ਸੋਨੇ ਦੀ ਚੇਨ ਖੋਹਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਰੋਜ਼ਾਨਾ ਚੋਰੀਆਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਪੁਲਿਸ ਵੱਲੋਂ ਹਾਲੇ ਤੱਕ ਜ਼ਿਆਦਾਤਰ ਚੋਰੀਆਂ ਦੇ ਮਾਮਲੇ ਨੂੰ ਸੁਲਝਾਇਆ ਨਹੀਂ ਜਾ ਸਕਿਆ ਹੈ। ਬੇਖ਼ੌਫ ਹੋਏ ਚੋਰ ਆਏ ਦਿਨ ਕਿਸੇ ਨਾ ਕਿਸੇ ਦੁਕਾਨ ਦਾ ਤਾਲਾ ਤੋੜ ਕੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਜਾ ਰਹੇ ਹਨ ਅਤੇ ਚੋਰਾਂ ਨੇ ਖੰਨਾ ਪੁਲਿਸ ਦੀ ਨੱਕ 'ਚ ਦਮ ਲਿਆ ਰੱਖਿਆ ਹੈ ਤੇ ਚੋਰੀ ਦੀਆਂ ਵਾਰਦਾਤਾਂ ਦਾ ਗ੍ਰਾਫ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪਰ ਪੁਲਿਸ ਅਧਿਕਾਰੀ ਕਿਸੇ ਮਾਮਲੇ ਨੂੰ ਸੁਲਝਾ ਨਹੀਂ ਸਕੇ ਹਨ। ਤਾਜ਼ਾ ਮਾਮਲੇ 'ਚ ਚੋਰਾਂ ਨੇ ਸਮਰਾਲਾ ਰੇਲਵੇ ਪੁਲ ਕੋਲ ਇੱਕੋ ਰਾਤ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਬੀਤੇ ਦਿਨੀਂ ਮਾਛੀਵਾੜਾ ਸਾਹਿਬ ਇਲਾਕੇ 'ਚ ਇਲੈਕਟ੍ਰੀਕਲਜ਼ ਸ਼ੋਅਰੂਮ ਦੀ ਦੀਵਾਰ 'ਚ ਪਾੜ ਲਗਾਕੇ ਅਤੇ ਨਜ਼ਦੀਕੀ ਪਿੰਡ ਸਿਹੌੜਾ ਦੀ ਮਾਰਕਿਟ ਸਥਿਤ ਤਿੰਨ ਦੁਕਾਨਾਂ ਦੇ ਇੱਕੋ ਰਾਤ ਤਾਲੇ ਤੋੜ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਠੰਡਾ ਪਿਆ ਨਹੀਂ ਸੀ ਕਿ ਬੀਤੀ ਰਾਤ ਸ਼ਹਿਰ ਦੇ ਸਮਰਾਲਾ ਰੇਲਵੇ ਓਵਰ ਬ੍ਰਿਜ ਨਜ਼ਦੀਕ ਸਥਿਤ ਦੋ ਦੁਕਾਨਾਂ ਦੇ ਤਾਲੇ ਭੰਨਕੇ ਅੰਦਰੋਂ ਮੋਬਾਈਲ ਫ਼ੋਨ ਅਤੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਣ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਹਿਰ ਦੇ ਸਮਰਾਲਾ ਰੋਡ ਓਵਰ ਬ੍ਰਿਜ (ਆਰਓਬੀ) ਨਜ਼ਦੀਕ ਸਥਿਤ ਸਚਿਨ ਟੈਲੀਕਾਮ ਅਤੇ ਪੁਲਿਸ ਲਾਈਨ ਕੋਲ ਸਥਿਤ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਵਿਅਕਤੀਆਂ ਨੇ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰੋਂ ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਸਚਿਨ ਟੈਲੀਕਾਮ ਨਾਮਕ ਦੁਕਾਨ ਚਲਾਉਣ ਵਾਲੇ ਚੰਦਨ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਉਹ ਸਮਰਾਲਾ ਰੋਡ ਪੁਲ ਕੋਲ ਸਥਿਤ ਆਪਣੀ ਦੁਕਾਨ ਨੂੰ ਖੋਲ੍ਹਣ ਲਈ ਆਇਆ ਤਾਂ ਉਸਨੇ ਦੇਖਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਟਰ ਦਾ ਤਾਲਾ ਤੋੜਿਆ ਹੋਇਆ ਸੀ ਅਤੇ ਅੰਦਰ ਦਰਵਾਜ਼ੇ ਦਾ ਸ਼ੀਸ਼ਾ ਵੀ ਭੰਨਿਆ ਹੋਇਆ ਸੀ। ਜਦੋਂ ਉਸਨੇ ਦੁਕਾਨ ਅੰਦਰ ਜਾਂਚ ਕੀਤੀ ਤਾਂ ਪਾਇਆ ਕਿ ਚੋਰ ਦੁਕਾਨ ਅੰਦਰੋਂ ਰਿਪੇਅਰ ਕਰਨ ਲਈ ਆਏ ਹੋਏ ਦੋ ਮੋਬਾਈਲ ਫ਼ੋਨ ਸੈਟ ਅਤੇ ਕਰੀਬ 15 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ ਹਨ।

ਦੂਸਰੇ ਮਾਮਲੇ 'ਚ ਉਕਤ ਦੁਕਾਨ ਦੇ ਪਿੱਛੇ ਹੀ ਸਥਿਤ ਇੱਕ ਹੋਰ ਦੁਕਾਨ ਦੇ ਤਾਲੇ ਤੋੜ ਕੇ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਦੇ ਗੁਆਂਢੀ ਸੋਨੀ ਨੇ ਉਸਨੂੰ ਸੂਚਨਾ ਦਿੱਤੀ ਕਿ ਰਾਤ ਨੂੰ ਚੋਰ ਦੁਕਾਨ 'ਚ ਚੋਰੀ ਕਰਕੇ ਲੈ ਗਏ ਹਨ। ਰਾਤ ਕਰੀਬ 2 ਵਜੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਮੌਕੇ ਤੋਂ ਭੱਜਦੇ ਹੋਏ ਦੇਖਿਆ ਗਿਆ ਸੀ। ਰੇਲਵੇ ਪੁਲ ਨਜ਼ਦੀਕ ਸਥਿਤ ਜ਼ਿਲ੍ਹਾ ਪੁਲਿਸ ਲਾਈਨ ਦੇ ਕੋਲ ਦੁਕਾਨਾਂ ਤੋਂ ਚੋਰੀ ਹੋਣ ਦੀਆਂ ਵਾਰਦਾਤਾਂ ਦੇ ਚੱਲਦੇ ਇਲਾਕੇ ਦੇ ਦੁਕਾਨਦਾਰਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਨੇ ਰਾਤ ਸਮੇਂ ਇਲਾਕੇ 'ਚ ਪੀਸੀਆਰ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।

ਕੀ ਕਹਿਣਾ ਹੈ ਥਾਣਾ ਸਿਟੀ-1 ਦੇ ਐਸਐਚਓ ਦਾ ?

ਦੂਜੇ ਪਾਸੇ, ਥਾਣਾ ਸਿਟੀ-1 ਖੰਨਾ ਦੇ ਐਸਐਚਓ ਇੰਸਪੈਕਟਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵੱਲੋਂ ਚੋਰੀ ਹੋਣ ਦੀ ਘਟਨਾ ਸਬੰਧੀ ਸੂਚਨਾ ਦਿੱਤੇ ਜਾਣ ਬਾਅਦ ਡਿਊਟੀ ਅਫਸਰ ਨੂੰ ਤੁਰੰਤ ਜਾਂਚ ਲਈ ਮੌਕੇ ਤੇ ਭੇਜਿਆ ਗਿਆ। ਦੁਕਾਨਦਾਰਾਂ ਦੇ ਬਿਆਨ ਦਰਜ ਕਰਕੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਇਲਾਕੇ 'ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇਗੀ ਤਾਂ ਜੋ ਲੋਕਾਂ ਦੇ ਜਾਨਮਾਲ ਦੀ ਸੁਰੱਖਿਆ ਕੀਤੀ ਜਾ ਸਕੇ। ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।