ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਸਮੇਤ ਬੀਐਸਐਫ ਨੇ ਫੜਿਆ ਸਮਗਲਰ !!!

Last Updated: Apr 15 2019 15:44

ਹਿੰਦ-ਪਾਕਿ ਸਰਹੱਦ 'ਤੇ ਸਥਿਤ ਚੌਂਕੀ ਲੱਖਾਂ ਸਿੰਘ ਵਾਲਾ ਦੇ ਇਲਾਕੇ ਵਿੱਚੋਂ ਇੱਕ ਭਾਰਤੀ ਸਮਗਲਰ ਨੂੰ ਸਰਹੱਦੀ ਸੁਰੱਖਿਆ ਬਲ ਦੀ 29 ਬਟਾਲੀਅਨ ਦੇ ਵੱਲੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸਮਗਲਰ ਦੀ ਪਛਾਣ ਕਸ਼ਮੀਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਬਾਰੇ ਕੇ ਵਜੋਂ ਹੋਈ ਹੈ। ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਸਰਹੱਦ 'ਤੇ ਤਾਇਨਾਤ ਸਨ।

ਅਧਿਕਾਰੀਆਂ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਸਰਹੱਦੀ ਚੌਂਕੀ ਲੱਖਾਂ ਸਿੰਘ ਵਾਲਾ ਇਲਾਕੇ ਵਿੱਚ ਅੱਜ ਇੱਕ ਸ਼ੱਕੀ ਭਾਰਤੀ ਘੁੰਮਦਾ ਹੋਇਆ ਵਿਖਾਈ ਦਿੱਤਾ, ਜਦੋਂ ਬੀਐਸਐਫ ਜਵਾਨਾਂ ਦੇ ਵੱਲੋਂ ਉਕਤ ਸ਼ੱਕੀ ਭਾਰਤੀ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਸ ਨੇ ਕੁਝ ਵੀ ਨਾ ਦੱਸਿਆ। ਇਸੇ ਦੌਰਾਨ ਜਦੋਂ ਬੀਐਸਐਫ ਜਵਾਨਾਂ ਨੇ ਸਖਤੀ ਵਰਤੀ ਤਾਂ ਉਕਤ ਵਿਅਕਤੀ ਮੰਨਿਆ ਕਿ ਉਹ ਪਾਕਿਸਤਾਨ ਤੋਂ ਆਈ ਹੈਰੋਇਨ ਲੈਣ ਲਈ ਆਇਆ ਸੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਸਰਹੱਦ ਤੋਂ ਦੋ ਪੈਕਟ ਹੈਰੋਇਨ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਜਦੋਂ ਹੈਰੋਇਨ ਦਾ ਵਜ਼ਨ ਤੋਲਿਆ ਗਿਆ ਤਾਂ ਦੋਵੇਂ ਪੈਕਟਾਂ ਵਿੱਚ (1 ਕਿੱਲੋ 690 ਗ੍ਰਾਮ ਹੈਰੋਇਨ) ਪਾਈ ਗਈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 8 ਕਰੋੜ ਰੁਪਏ ਹੈ। ਦੂਜੇ ਪਾਸੇ ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਸ਼ਮੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਅੱਜ ਵੀ ਉਹ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਲੈਣ ਲਈ ਸਰਹੱਦ 'ਤੇ ਆਇਆ ਸੀ, ਜਿੱਥੋਂ ਬੀਐਸਐਫ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।