ਵਿਸਾਖੀ ਵਾਲੇ ਦਿਨ ਸਤਲੁਜ ਦਰਿਆ 'ਚ ਡੁੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ !!!

Last Updated: Apr 15 2019 15:31
Reading time: 1 min, 13 secs

ਬੀਤੇ ਕੱਲ੍ਹ ਵਿਸਾਖੀ ਵਾਲੇ ਦਿਨ ਫ਼ਿਰੋਜ਼ਪੁਰ ਜ਼ਿਲ੍ਹੇ ਅਧੀਨ ਆਉਂਦੇ ਹਰੀਕੇ ਹੈੱਡ ਵਰਕਸ 'ਤੇ ਲੱਗੇ ਵਿਸਾਖੀ ਮੇਲੇ ਵੇਖਣ ਗਏ ਇੱਕੋ ਪਿੰਡ ਦੇ ਦੋ ਨੌਜਵਾਨ ਡੁੱਬ ਗਏ ਸਨ। ਨੌਜਵਾਨਾਂ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਮੇਹਰ ਸਿੰਘ ਵਾਲਾ ਅਤੇ ਕੁਲਵਿੰਦਰ ਸਿੰਘ ਵਾਸੀ ਮੇਹਰ ਸਿੰਘ ਵਾਲਾ ਵਜੋਂ ਹੋਈ ਸੀ। ਦੱਸ ਦੇਈਏ ਕਿ ਬੀਤੇ ਕੱਲ੍ਹ ਹਰੀਕੇ ਹੈੱਡ 'ਤੇ ਵਿਸਾਖੀ ਮੇਲਾ ਲੱਗਿਆ ਸੀ, ਜਿੱਥੇ ਸੈਂਕੜੇ ਲੋਕ ਹਾਜ਼ਰ ਹੋਏ ਸਨ। ਅਰਸ਼ਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਇਹ ਮੇਲਾ ਵੇਖਣ ਵਾਸਤੇ ਗਏ ਸਨ। 

ਦੱਸਿਆ ਜਾਂਦਾ ਹੈ ਕਿ ਮੇਲੇ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਲੋਕ ਜਿੱਥੇ ਦਰਿਆ ਵਿੱਚ ਨਹਾ ਰਹੇ ਸਨ, ਉਨ੍ਹਾਂ ਵੱਲ ਵੇਖ ਕੇ ਅਰਸ਼ਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਨਹਾਉਣ ਲੱਗ ਪਏ। ਇਸ ਦੌਰਾਨ ਅਚਾਨਕ ਦੋਵੇਂ ਨੌਜਵਾਨ ਦਰਿਆ ਦੇ ਡੂੰਘੇ ਪਾਣੀ ਵਿੱਚ ਚਲੇ ਗਏ, ਜਿੱਥੇ ਉਹ ਦੋਵੇਂ ਜਣੇ ਹੀ ਪਾਣੀ ਵਿੱਚ ਡੁੱਬ ਗਏ। ਦੱਸ ਦੇਈਏ ਕਿ ਦੇਰ ਸ਼ਾਮ ਤੋਂ ਹੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ। ਅੱਜ ਸਵੇਰੇ ਗੋਤਾਖੋਰਾਂ ਵੱਲੋਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਦਰਿਆ ਵਿੱਚੋਂ ਬਰਾਮਦ ਕੀਤੀਆਂ ਗਈਆਂ।

ਨੌਜਵਾਨਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਮੇਹਰ ਸਿੰਘ ਵਾਲਾ ਵਿਖੇ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਵਿਸਾਖੀ ਮੇਲੇ ਤੋਂ ਕਰੀਬ ਦੋ ਹਫ਼ਤੇ ਪਹਿਲੋਂ ਤੋਂ ਹੀ ਡਿਪਟੀ ਕਮਿਸ਼ਨਰ ਦੇ ਵੱਲੋਂ ਸਤਲੁਜ ਦਰਿਆ ਵਿੱਚ ਨਹਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕਿਉਂਕਿ ਸਤਲੁਜ ਦਰਿਆ ਵਿੱਚ ਪਹਿਲੋਂ ਵੀ ਬੜੀ ਵਾਰ ਵਿਸਾਖੀ ਦੇ ਤਿਉਹਾਰ ਮੌਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਸਨ। ਡੀਸੀ ਵੱਲੋਂ ਲਗਾਈ ਪਾਬੰਦੀ ਦੇ ਬਾਵਜੂਦ ਸਤਲੁਜ ਦਰਿਆ 'ਤੇ ਲੋਕਾਂ ਦਾ ਨਹਾਉਣਾ ਜਾਰੀ ਹੈ, ਜਿਸ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਲੋੜ ਹੈ।