ਕਿਸਾਨ ਵੀਰੋ ਸਾਵਧਾਨ, ਬੀ.ਟੀ ਕਾਟਨ ਦੇ ਨਕਲੀ ਬੀਜਾਂ ਦੀ ਵਿੱਕਰੀ ਕਰਨ ਵਾਲਾ ਗਿਰੋਹ ਹੋਇਆ ਸਰਗਰਮ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 15 2019 15:27
Reading time: 2 mins, 21 secs

ਕਿਸਾਨਾਂ ਦੀਆਂ ਪ੍ਰੇਸ਼ਾਨੀਆਂ, ਮੁਸ਼ਕਿਲਾਂ ਦੇ ਹੱਲ ਲਈ ਬੇਸ਼ਕ ਸਮੇਂ ਦੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਜ਼ਰੂਰ ਕਰਦੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਸਮੇਂ ਸਮੇਂ 'ਤੇ ਖੁੱਲ੍ਹਦੀ ਰਹੀ ਹੈ ਜੋ ਕਿਸਾਨਾਂ ਵੱਲੋਂ ਕੀਤੀ ਜਾਂਦੀ ਖ਼ੁਦਕੁਸ਼ੀ, ਬਰਬਾਦ ਹੁੰਦੀਆਂ ਫ਼ਸਲਾਂ, ਮਾੜੀਆਂ ਸਪਰੇਆਂ, ਖਾਦਾਂ, ਬੀਜਾਂ ਦੇ ਸਬੰਧ 'ਚ ਸਾਹਮਣੇ ਆਉਂਦੇ ਮਾਮਲੇ ਹਨ। ਸਰਕਾਰਾਂ ਵੱਲੋਂ ਕਿਸਾਨਾਂ ਤੱਕ ਚੰਗੀ ਕਿਸਮ ਦੇ ਬੀਜ, ਖਾਦ, ਕੀਟਨਾਸ਼ਕ ਪਹੁੰਚਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਬਾਵਜੂਦ ਇਸਦੇ ਕੁਝ ਸ਼ਾਤਰ ਲੋਕ ਕਿਸਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਤੋਂ ਬਾਜ਼ ਨਹੀਂ ਆਉਂਦੇ ਹਨ ਜੋ ਸਰਕਾਰਾਂ ਤੇ ਮਹਿਕਮੇ ਦੀ ਲਾਪਰਵਾਹੀ ਦਾ ਸਬੂਤ ਹੈ।

ਅਜਿਹਾ ਇੱਕ ਮਾਮਲਾ ਜ਼ਿਲ੍ਹਾ ਫਾਜ਼ਿਲਕਾ 'ਚ ਸਾਹਮਣੇ ਆਇਆ ਹੈ ਜਿੱਥੇ ਖੇਤੀਬਾੜੀ ਵਿਭਾਗ ਨੇ ਜਾਗਰੂਕ ਕਿਸਾਨਾਂ ਦੀ ਸ਼ਿਕਾਇਤ 'ਤੇ ਨਰਮੇ ਦੀ ਬੀ.ਟੀ. ਕਿਸਮ ਦੇ ਨਕਲੀ ਬੀਜ ਦੀ ਵਿੱਕਰੀ ਕਰਨ ਵਾਲੇ ਦੋ ਗੁਜਰਾਤੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਵੱਡੀ ਗਿਣਤੀ ਵਿੱਚ ਇੱਕ ਨਾਮੀ ਕੰਪਨੀ ਦੇ ਡੁਪਲੀਕੇਟ ਬੀ.ਟੀ. ਕਾਟਨ ਦੇ ਬੀਜਾਂ ਦੇ ਪੈਕੇਟ ਕਬਜ਼ੇ ਵਿੱਚ ਲਏ ਗਏ ਹਨ। ਪੁਲਿਸ ਵੱਲੋਂ ਫੜੇ ਗਏ ਦੋਨੇ ਗੁਜਰਾਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁੱਢਲੀ ਪੁੱਛਗਿੱਛ ਵਿੱਚ ਸੰਕੇਤ ਮਿਲੇ ਹਨ ਕਿ ਪੰਜਾਬ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਨਕਲੀ ਬੀ.ਟੀ. ਕਾਟਨ ਦੇ ਬੀਜ ਵੇਚਣ ਵਾਲਾ ਗਿਰੋਹ ਸਰਗਰਮ ਹੈ।

ਅਬੋਹਰ ਉਪਮੰਡਲ ਦੇ ਪਿੰਡ ਰਾਜਪੁਰਾ ਵਿੱਚ ਨਕਲੀ ਬੀ.ਟੀ. ਕਾਟਨ ਦੇ ਬੀਜਾਂ ਦੀ ਵਿੱਕਰੀ ਲਈ ਪਹੁੰਚੇ ਦੋ ਜਣਿਆਂ ਦੀਆਂ ਸ਼ੱਕੀ ਸਰਗਰਮੀਆਂ ਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਅਬੋਹਰ ਸਥਿਤ ਖੇਤੀਬਾੜੀ ਵਿਭਾਗ ਦੇ ਦਫ਼ਤਰ 'ਚ ਤਾਇਨਾਤ ਏ.ਪੀ.ਪੀ.ਓ. ਸਵਰਣ ਕੁਮਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਸਰਗਰਮੀ ਵਿਖਾਉਂਦੇ ਹੋਏ ਪੁਲਿਸ ਦੀ ਮਦਦ ਨਾਲ 13 ਪੈਕੇਟ ਓਮ ਹਾਈਬ੍ਰਿਡ ਕੰਪਨੀ ਦਾ ਲੇਬਲ ਲਾ ਕੇ ਵੇਚੇ ਜਾ ਰਹੇ ਨਰਮੇ ਦੇ ਬੀ.ਟੀ ਕਾਟਨ ਬੀਜ ਬਰਾਮਦ ਕੀਤੇ। ਮਹਿਕਮੇ ਦੇ ਮਾਹਿਰਾਂ ਨੇ ਦਾਅਵਾ ਕੀਤਾ ਕਿ ਜੱਦ ਇਨ੍ਹਾਂ ਬੀਜਾਂ ਦੀ ਜਾਂਚ ਕੀਤੀ ਗਈ ਤਾਂ ਉਹ ਨਕਲੀ ਨਿਕਲੇ।

ਪੁਲਿਸ ਨੇ ਬੀਜਾਂ ਦੀ ਵਿੱਕਰੀ ਕਰਨ ਵਾਲੇ ਦੋਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੀ ਪਛਾਣ ਹਿਤੇਸ਼ ਕੁਮਾਰ ਪੁੱਤਰ ਬਲਦੇਵ ਭਾਈ ਅਤੇ ਧਰਮਿੰਦਰ ਪੁੱਤਰ ਵਿਜੈ ਸਿੰਘ ਵਾਸੀ ਪਿੰਡ ਰਿਦਰੋਲ ਥਾਣਾ ਮਾਨਸਾ ਜ਼ਿਲ੍ਹਾ ਗਾਂਧੀਨਗਰ ਗੁਜਰਾਤ ਦੱਸਿਆ। ਉਪਰੋਕਤ ਦੋਵਾਂ ਖਿਲਾਫ ਅਬੋਹਰ ਪੁਲਿਸ ਨੇ ਧਾਰਾ 420 ਅਤੇ 7 ਈ.ਸੀ. ਹੇਠ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫੜੇ ਗਏ ਦੋਵੇਂ ਵਿਅਕਤੀ ਹੁਣ ਤੱਕ ਬੀ.ਟੀ. ਕਾਟਨ ਬੀਜਾਂ ਦੀ ਕਿੰਨੀ ਵਿੱਕਰੀ ਕਰ ਚੁੱਕ ਹਨ ਅਤੇ ਇਹ ਕਿੰਨੇ ਲੋਕਾਂ ਦਾ ਗਿਰੋਹ ਪੰਜਾਬ ਵਿੱਚ ਕੰਮ ਕਰ ਰਿਹਾ ਹੈ।

ਹੁਣ ਅਜਿਹੇ 'ਚ ਜਿੱਥੇ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਉੱਥੇ ਹੀ ਕਿਸਾਨ ਜੱਥੇਬੰਦੀਆਂ ਨੂੰ ਵੀ ਅਜਿਹੇ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਹਵਾਲੇ ਕਰਨ ਲਈ ਵਿੱਚਾਰ ਵਟਾਂਦਰਾ ਕਰਕੇ ਕਿਸਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਅਤੇ ਸਰਕਾਰਾਂ ਤੇ ਮਹਿਕਮਾ ਖੇਤੀਬਾੜੀ ਨੂੰ ਵੀ ਕੋਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਕਿਸਾਨੀ ਨਾਲ ਸਬੰਧਤ ਬੀਜ, ਖਾਦ, ਕੀਟਨਾਸ਼ਕ ਜਾਂ ਹੋਰ ਚੀਜ਼ਾਂ ਦੀ ਗੁਣਵੱਤਾ ਨਾਲ ਕੋਈ ਵਿਅਕਤੀ ਛੇੜਛਾੜ ਨਾ ਕਰੇ ਅਤੇ ਉੱਚ ਗੁਣਵੱਤਾ ਦੀਆਂ ਚੀਜ਼ਾਂ ਕਿਸਾਨਾਂ ਤੱਕ ਪਹੁੰਚਾ ਕੇ ਕਿਸਾਨਾਂ ਨੂੰ ਹੁੰਦੇ ਫ਼ਸਲੀ ਨੁਕਸਾਨ ਤੋਂ ਬਚਾਇਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।