ਸਰਪੰਚਨੀ ਦੇ ਪਤੀ ਨੇ ਬੋਲੇ ਮਜ਼ਦੂਰ ਨੂੰ ਜਾਤੀ ਸੂਚਿਕ ਸ਼ਬਦ, ਮਾਮਲਾ ਡੀਸੀ ਕੋਲ ਪਹੁੰਚਿਆ!!!

Last Updated: Apr 15 2019 14:50

ਪਿਛਲੇ ਦਿਨੀਂ ਪਿੰਡ ਭਗਵਾਨਪੁਰਾ ਦੀ ਸਰਪੰਚਨੀ ਦੇ ਪਤੀ ਵੱਲੋਂ ਇੱਕ ਦਲਿਤ ਮਜ਼ਦੂਰ ਨੂੰ ਜਾਤੀ ਸੂਚਿਕ ਸ਼ਬਦ ਬੋਲੇ ਗਏ ਸਨ। ਜਿਸ ਦੇ ਸਬੰਧ ਵਿੱਚ ਅੱਜ ਰਾਵਨ ਸੈਨਾ ਭਾਰਤ ਦੇ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਵਨ ਸੈਨਾ ਭਾਰਤ ਦੇ ਪ੍ਰਧਾਨ ਲਖਬੀਰ ਲੰਕੇਸ਼, ਵਾਈਸ ਪ੍ਰਧਾਨ ਸੰਜੂ ਚੰਡਾਲੀਆ, ਚੇਅਰਮੈਨ ਗੌਰਵ ਲੰਕੇਸ਼, ਰਵੀ ਖੰਢਾ ਅਤੇ ਦੀਪਕ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪਿੰਡ ਭਗਵਾਨਪੁਰਾ ਦੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਬੀਤੇ ਦਿਨੀਂ ਭੱਦੀ ਸ਼ਬਦਾਵਲੀ ਵਰਤਦਿਆਂ ਜਾਤੀ ਸੂਚਿਕ ਸ਼ਬਦ ਬੋਲੇ ਗਏ।

ਉਨ੍ਹਾਂ ਦੋਸ਼ ਲਗਾਇਆ ਕਿ ਭੀਮੇ ਦੇ ਭੱਠੇ 'ਤੇ ਮਜ਼ਦੂਰੀ ਕਰਦੇ ਬੀਰਾ ਨੂੰ ਪਿੰਡ ਭਗਵਾਨਪੁਰਾ ਦੀ ਸਰਪੰਚਨੀ ਦੇ ਪਤੀ ਅਮਰੀਕ ਸਿੰਘ ਵੱਲੋਂ ਜਾਤੀ ਸੂਚਿਕ ਸ਼ਬਦਾਂ ਦੀ ਵਰਤੋਂ ਕਰਦਿਆਂ ਬੀਰੇ ਨੂੰ ਜਲੀਲ ਕੀਤਾ ਗਿਆ, ਜਿਸ ਦੀ ਇੱਕ ਆਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ। ਉਨ੍ਹਾਂ ਦੱਸਿਆ ਕਿ ਇਸ ਨਾਲ ਵਾਲਮੀਕ ਭਾਈਚਾਰੇ ਦੇ ਮਨ੍ਹਾਂ 'ਤੇ ਭਾਰੀ ਠੇਸ ਪਹੁੰਚੀ ਹੈ। ਰਾਵਨ ਸੈਨਾ ਭਾਰਤ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਉਕਤ ਸਰਪੰਚਨੀ ਦੇ ਪਤੀ ਅਮਰੀਕ ਸਿੰਘ ਦੇ ਖਿਲਾਫ ਐੱਸ ਸੀ ਐਕਟ ਤਹਿਤ ਤੁਰੰਤ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਜਾਵੇ। ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਉਕਤ ਵਿਅਕਤੀ ਖਿਲਾਫ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਕੋਈ ਆਨਾ ਕਾਨੀ ਕੀਤੀ ਜਾਂਦੀ ਹੈ ਤਾਂ ਪੂਰੇ ਪੰਜਾਬ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।