ਹੁਣ ਕਿਸਾਨ ਅਤੇ ਮਜ਼ਦੂਰ ਸਰਕਾਰ ਨਾਲ ਲੜਣਗੇ ਆਰ-ਪਾਰ ਦੀ ਲੜਾਈ !!!

Last Updated: Apr 15 2019 14:50
Reading time: 1 min, 13 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਜ਼ੀਰਾ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਗੁਰਦੁਆਰਾ ਸ਼ੀਹਣੀ ਸਾਹਿਬ ਮੇਹਰ ਸਿੰਘ ਵਾਲਾ ਵਿਖੇ 17 ਅਪ੍ਰੈਲ ਸ਼ਾਮ ਤਿੰਨ ਵਜੇ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਰਣਬੀਰ ਸਿੰਘ ਰਾਣਾ ਨੇ ਦੱਸਿਆ ਕਿ ਕਾਨਫਰੰਸ ਵਿੱਚ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ 'ਤੇ ਚਰਚਾ ਹੋਵੇਗੀ।

ਉੱਥੇ ਨਾਲ ਹੀ ਸਰਕਾਰ ਵੱਲੋਂ 31 ਮਾਰਚ ਦੇ ਰੇਲ ਰੋਕੋ ਤੇ ਜੇਲ ਭਰੋ ਅੰਦੋਲਨ ਦੌਰਾਨ ਲਿਖਤੀ ਤੌਰ 'ਤੇ ਮੰਨੀਆਂ ਹੋਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਾ ਕਰਨ, ਕੱਚਰਭੰਨ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਲੋਹੁਕਾ ਖੁਰਦ ਦੇ ਮਜ਼ਦੂਰਾਂ ਨੂੰ ਦਿੱਤੇ ਪਲਾਟ ਜਾਰੀ ਕਰਨ ਲਈ ਤਹਿਸੀਲਦਾਰ ਜ਼ੀਰਾ ਵੱਲੋਂ ਦੇਰ ਰਾਤ ਤੱਕ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਨਾ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਕਚਹਿਰੀਆਂ ਵਿੱਚ ਖੱਜਲ ਖੁਆਰ ਕਰਕੇ ਰਿਸ਼ਵਤ ਲੈਣਾ, ਜ਼ੀਰਾ ਹਲਕੇ ਵਿੱਚ ਸ਼ਰੇਆਮ ਦਿਨ-ਦਿਹਾੜੇ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਨਸ਼ੇ ਦੇ ਤਸਕਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਨਾ ਕਰਨਾ ਕਾਨਫਰੰਸ ਵਿੱਚ ਮੁੱਖ ਮੁੱਦਾ ਰਹੇਗਾ ਅਤੇ ਇਸ ਦੇ ਹੱਲ ਲਈ ਵਿਚਾਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਪਹੁੰਚਣਗੇ, ਜੋ 14 ਮਈ ਨੂੰ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸੰਘਰਸ਼ ਬਾਰੇ ਵੀ ਐਲਾਨ ਕਰਨਗੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਬਾਰੇ ਲਾਮਬੰਦੀ ਦਾ ਸੱਦਾ ਦੇਣਗੇ। ਇਸ ਮੌਕੇ ਮੀਟਿੰਗ ਵਿੱਚ ਬਲਰਾਜ ਸਿੰਘ ਫੈਰੋਕੇ ਵਾਇਸ ਪ੍ਰਧਾਨ, ਅਮਨਦੀਪ ਸਿੰਘ ਕੱਚਰਭੰਨ ਜਨਰਲ ਸਕੱਤਰ, ਸੁਖਵੰਤ ਸਿੰਘ ਲੋਹੁਕਾ ਪ੍ਰੈਸ ਸਕੱਤਰ, ਗੁਰਜੰਟ ਸਿੰਘ ਲਹਿਰਾ ਤੇ ਕੈਪਟਨ ਨਛੱਤਰ ਸਿੰਘ ਵਰਪਾਲ ਵੀ ਹਾਜ਼ਰ ਸਨ।