ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਸਮਾਜ ਸੇਵੀ ਸੰਸਥਾਵਾਂ ਆਈਆਂ ਅੱਗੇ, ਪ੍ਰਦਰਸ਼ਨ ਸ਼ੁਰੂ.!!!

Last Updated: Apr 15 2019 15:11
Reading time: 1 min, 15 secs

ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਸ਼ਰੇਆਮ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਸਮਾਜ ਸੇਵੀ ਸੰਸਥਾ ਭਾਈ ਘਨਈਆ ਜੀ ਸਮਾਜ ਸੁਧਾਰ ਕਮੇਟੀ ਤੋਂ ਇਲਾਵਾ ਜਾਗੋ ਪੇਰੈਂਟ ਜਾਗੋ ਸੰਸਥਾ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਸਾਹਮਣੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਰੋਸ ਧਰਨਾ ਦਿੱਤਾ। ਜਾਣਕਾਰੀ ਦਿੰਦੇ ਹੋਏ ਭਾਈ ਘਨਈਆ ਜੀ ਸਮਾਜ ਸੁਧਾਰ ਕਮੇਟੀ ਅਤੇ ਜਾਗੋ ਪੇਰੈਂਟ ਜਾਗੋ ਸੰਸਥਾ ਦੇ ਆਗੂਆਂ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਰੀ-ਅਡਮੀਸ਼ਨ ਦੇ ਨਾਮ 'ਤੇ ਪੂਰੀ ਤਰ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ। 

ਜਿਸ ਕਰਕੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਆਮ ਜਨਤਾ ਵਿੱਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੋਈ ਵੀ ਨਿੱਜੀ ਸਕੂਲ ਕਿਤਾਬਾਂ, ਵਰਦੀਆਂ, ਸਟੇਸ਼ਨਰੀ ਆਦਿ ਲੈਣ ਲਈ ਕਿਸੇ ਵੀ ਵਿਸ਼ੇਸ਼ ਦੁਕਾਨ ਤੋਂ ਖਰੀਦ ਕਰਨ ਲਈ ਬੱਚਿਆਂ ਦੇ ਮਾਪਿਆਂ ਨੂੰ ਮਜ਼ਬੂਰ ਨਹੀਂ ਕਰ ਸਕਦੇ, ਪਰ ਫਿਰੋਜ਼ਪੁਰ ਦੇ ਨਿੱਜੀ ਸਕੂਲਾਂ ਵੱਲੋਂ ਧੱਕੇ ਨਾਲ ਬੱਚਿਆਂ ਦੇ ਮਾਪਿਆਂ ਨੂੰ ਵਿਸੇਸ਼ ਦੁਕਾਨਾਂ ਤੋਂ ਕਿਤਾਬਾਂ ਵਰਦੀਆਂ ਸਟੇਸ਼ਨਰੀ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਡਿਪਟੀ ਕਮਿਸ਼ਨ ਫਿਰੋਜ਼ਪੁਰ ਚੰਦਰ ਗੈਂਦ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਦੇ ਪ੍ਰਾਈਵੇਟ ਸਕੂਲਾਂ ਨੂੰ ਤੁਰੰਤ ਨੱਥ ਪਾਈ ਜਾਵੇ। ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਜੇਕਰ ਫਿਰੋਜ਼ਪੁਰ ਦੇ ਪ੍ਰਾਈਵੇਟ ਸਕੂਲਾਂ ਨੂੰ ਬੱਚੀਆਂ ਦੇ ਮਾਪਿਆਂ ਨੂੰ ਲੁੱਟਣ ਬਾਬਤ ਨੱਥ ਨਾ ਪਾਈ ਗਈ ਤਾਂ ਅਸੀਂ ਬੱਚਿਆਂ ਸਮੇਤ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵਾਂਗੇ। ਅੱਜ ਦੇ ਇਸ ਧਰਨੇ ਵਿੱਚ ਫਿਰੋਜ਼ਪੁਰ ਦੀਆਂ ਕਈ ਸੰਘਰਸ਼ ਕਮੇਟੀਆਂ ਨੇ ਹਿੱਸਾ ਲਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਜਾਗੋ ਪੇਰੈਂਟਸ ਜਾਗੋ ਦੇ ਮੈਂਬਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ।