ਸ਼ਹਿਰ ਤੋਂ ਬਾਅਦ ਹੁਣ ਚੋਰਾਂ ਨੇ ਪਿੰਡਾਂ ਦਾ ਕੀਤਾ ਰੁਖ

Last Updated: Apr 15 2019 14:40
Reading time: 1 min, 14 secs

ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ 'ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਚਲਦੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਵਿਖੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਨੇ ਹੁਣ ਪਿੰਡਾਂ ਵਿਖੇ ਵੀ ਆਪਣੀ ਪਹੁੰਚ ਬਣਾ ਲਈ ਹੈ ਅਤੇ ਪੁਲਿਸ ਵੱਲੋਂ ਚੋਰਾਂ ਨੂੰ ਫੜੇ ਜਾਣ ਦਾ ਸਿਰਫ਼ ਭਰੋਸਾ ਹੀ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਪਿੰਡ ਗੋਵਿੰਦਸਰ ਦਾ ਹੈ ਜਿੱਥੇ ਚੋਰਾਂ ਵੱਲੋਂ ਪਾਲਤੂ ਪਸ਼ੂਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ, ਚੋਰ ਰਾਤ ਦੇ ਹਨੇਰੇ 'ਚ ਘਰ ਬੰਨੀਆਂ 3 ਮੱਝਾਂ ਨੂੰ ਖੋਲ੍ਹ ਕੇ ਲੈ ਗਏ। ਜਿਸ ਸਬੰਧੀ ਪੀੜਿਤਾਂ ਵੱਲੋਂ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਾਰਵਾਈ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਅਸ਼ਵਨੀ ਕੁਮਾਰ ਅਤੇ ਯਸ਼ਪਾਲ ਨੇ ਦੱਸਿਆ ਕਿ ਰਾਤ ਨੂੰ ਉਹ ਪਸ਼ੂਆਂ ਨੂੰ ਚਾਰਾ ਪਾ ਸੋ ਗਏ ਸਨ ਪਰ ਸਵੇਰੇ ਉੱਠ ਕੇ ਜਦ ਵੇਖਿਆ ਤਾਂ ਮੱਝਾਂ ਗਾਇਬ ਸਨ। ਦੂਜੇ ਪਾਸੇ ਜਦ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਰਟਾ ਰਟਾਇਆ ਜਵਾਬ ਦਿੰਦੇ ਹੋਏ ਕਿਹਾ ਕਿ ਪਸ਼ੂਆਂ ਦੇ ਚੋਰੀ ਹੋਣ ਸਬੰਧੀ ਸ਼ਿਕਾਇਤ ਮਿਲੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਪਸ਼ੂਆਂ ਨੂੰ ਚੋਰੀ ਕਰਨਾ ਇਹ ਦਰਸਾਉਂਦਾ ਹੈ ਕਿ ਚੋਰਾਂ ਵੱਲੋਂ ਸ਼ਹਿਰਾਂ ਤੋਂ ਹੁਣ ਪਿੰਡਾਂ ਵੱਲ ਰੁਖ ਕਰ ਲਿਆ ਗਿਆ ਹੈ। ਅਜਿਹੇ 'ਚ ਜ਼ਿਲ੍ਹਾ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਕਾਰਵਾਈ ਕਰਨ ਦਾ ਭਰੋਸਾ ਦੇਣ ਦੀ ਬਜਾਏ ਢੁਕਵੇਂ ਕਦਮ ਚੁੱਕੇ ਤਾਂ ਜੋ ਲੋਕਾਂ ਨੂੰ ਇਹਨਾਂ ਚੋਰਾਂ ਤੋਂ ਰਾਹਤ ਮਿਲ ਸਕੇ।