ਬਿਜਲੀ ਮੁਲਾਜ਼ਮ ਜਾਖੜ ਖਿਲਾਫ ਚੁੱਕਿਆ ਝੰਡਾ, 25 ਅਪ੍ਰੈਲ ਨੂੰ ਦੇਣਗੇ ਧਰਨਾ.!!!

Last Updated: Apr 15 2019 13:51
Reading time: 0 mins, 57 secs

ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਹੁਣ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਝੰਡਾ ਚੁੱਕ ਦਿੱਤਾ ਗਿਆ ਹੈ ਅਤੇ 25 ਅਪ੍ਰੈਲ ਨੂੰ ਜਾਖੜ ਖਿਲਾਫ ਧਰਨਾ ਦੇਣ ਦਾ ਫ਼ੈਸਲਾ ਬਿਜਲੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਹੈ। ਧਰਨੇ ਸਬੰਧੀ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫਾਰਮ ਪੰਜਾਬ ਦੀ ਮੀਟਿੰਗ ਰਣਜੀਤ ਸਿੰਘ ਦੀ ਪ੍ਰਧਾਂਨ ਵਿੱਚ ਹੋਈ। ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਫਾਰਮ ਦੇ ਆਗੂਆਂ ਨੇ ਦੱਸਿਆ ਕਿ ਸੁਨੀਲ ਜਾਖੜ ਦੂਜੀ ਵਾਰ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਉਮੀਦਵਾਰ ਹਨ ਅਤੇ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਆਪਣੇ ਜੱਦੀ ਹਲਕੇ ਅਬੋਹਰ ਦੇ ਕੁਝ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਬਿਨਾਂ ਕਿਸੇ ਕਾਰਨ ਦੇ ਐਸ.ਐਸ.ਓ.ਨਿਰਮਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਅਬੋਹਰ ਤੋਂ ਅੰਮ੍ਰਿਤਸਰ ਦੀਆਂ ਬਦਲੀਆਂ ਕਰਵਾ ਦਿੱਤੀਆਂ ਹੋਈਆਂ ਹਨ। ਇਸੇ ਨੂੰ ਲੈ ਕੇ ਧੱਕੇ ਨਾਲ ਹੋਈਆਂ ਬਦਲੀਆਂ ਦੇ ਕਾਰਨ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫਾਰਮ ਪੰਜਾਬ ਵਿੱਚ ਕਾਫੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫਾਰਮ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਸੁਨੀਲ ਜਾਖੜ ਦੇ ਵੱਲੋਂ ਕਰਵਾਈਆਂ ਗਈਆਂ ਬਦਲੀਆਂ ਰੱਦ ਕਰਵਾਉਣ ਦੇ ਲਈ ਸਮੂਹ ਬਿਜਲੀ ਮੁਲਾਜ਼ਮ ਰੋਸ ਵਜੋਂ ਸੁਨੀਲ ਜਾਖੜ ਦੇ ਵਿਰੁੱਧ 25 ਅਪ੍ਰੈਲ ਸਵੇਰੇ 11 ਵਜੇ ਗੁਰਦਾਸਪੁਰ ਵਿਖੇ ਸੂਬਾ ਪੱਧਰੀ ਧਰਨਾ ਦੇਣਗੇ। ਆਗੂਆਂ ਨੇ ਦੱਸਿਆ ਕਿ ਇਸ ਧਰਨੇ ਵਿੱਚ ਪੰਜਾਬ ਭਰ ਤੋਂ ਸੈਂਕੜੇ ਮੁਲਾਜ਼ਮ ਪਹੁੰਚਣਗੇ।