ਕਦੇ ਡੋਬੇ ਨੇ, ਕਦੇ ਸੋਕੇ ਨੇ ਅਤੇ ਕਦੇ ਸਹਾਇਕ ਧੰਦਿਆਂ ਨੇ ਮਾਰਿਆ ਕਿਸਾਨ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 15 2019 12:22
Reading time: 3 mins, 45 secs

ਅੰਨਦਾਤਾ ਕਹਿਲਾਉਣ ਵਾਲਾ ਅੱਜ ਕੱਲ੍ਹ ਭੁੱਖਾ ਸੌ ਰਿਹਾ ਹੈ, ਪਤਾ ਨਹੀਂ ਕਿਉਂ? ਇੰਝ ਜਾਪ ਰਿਹਾ ਹੈ ਕਿ ਜਿਵੇਂ ਸਰਕਾਰਾਂ ਦਾ ਅਤੇ ਕੁਦਰਤ ਦਾ ਅੰਨਦਾਤੇ ਦੇ ਨਾਲ ਵੈਰ ਹੋਵੇ। ਪਰ ਜੋ ਵੀ ਹੈ, ਸਰਕਾਰ ਅਤੇ ਕੁਦਰਤ ਕਿਸਾਨਾਂ ਦੇ ਲਈ ਹਮੇਸ਼ਾ ਹੀ ਮੁਸੀਬਤਾਂ ਬਣ ਕੇ ਵਰੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦਾ ਕਿਸਾਨ ਜਿੱਥੇ ਖੇਤੀ ਕਰਦਾ ਆ ਰਿਹਾ ਹੈ, ਉੱਥੇ ਹੀ ਕਿਸਾਨਾਂ ਉੱਪਰ ਚੜ੍ਹਿਆ ਕਰਜ਼ ਵੀ ਕਿਸਾਨਾਂ ਨੂੰ ਮੌਤ ਦੇ ਮੂੰਹ ਵਿੱਚ ਘੱਲਣ ਲਈ ਮਜਬੂਰ ਹੋਇਆ ਪਿਆ ਹੈ।

ਕੁਲ ਮਿਲਾ ਕੇ ਵੇਖੀਏ ਤਾਂ ਪੰਜਾਬ ਦਾ ਅੰਨਦਾਤਾ ਕਦੇ ਵੀ ਖੁਸ਼ ਨਹੀਂ ਹੋਇਆ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਅੰਨਦਾਤੇ ਨੂੰ ਖੁਸ਼ ਹੋਣ ਜੋਗਾ ਛੱਡਿਆ ਹੀ ਨਹੀਂ। ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਦੋ ਹੀ ਫਸਲਾਂ ਹਨ, ਕਣਕ ਅਤੇ ਝੋਨਾ ਜਿਨ੍ਹਾਂ ਦਾ ਵੀ ਮੰਡੀਆਂ ਦੇ ਵਿੱਚ ਚੰਗਾ ਭਾਅ ਨਾ ਮਿਲਣ ਦੇ ਕਾਰਨ ਕਿਸਾਨਾਂ ਉੱਪਰ ਕਰਜ਼ੇ ਦਾ ਭਾਰ ਹੋਰ ਚੜ੍ਹਦਾ ਜਾ ਰਿਹਾ ਹੈ। ਵੇਖਿਆ ਜਾਵੇ ਤਾਂ ਜੇਕਰ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਫਸਲ ਦਾ ਪੂਰਾ ਭਾਅ ਦੇ ਦੇਣ ਤਾਂ ਕਿਸਾਨ ਕਦੇ ਵੀ ਕਰਜ਼ੇ ਦੇ ਭਾਰ ਥੱਲੇ ਨਹੀਂ ਆ ਸਕਦਾ, ਪਰ ਲੱਗਦੈ ਸਰਕਾਰ ਦੀ ਨੀਯਤ ਖੋਟੀ ਹੈ।

ਦੋਸਤੋਂ, ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਦੇ ਲਈ ਕਈ ਸਹਾਇਕ ਧੰਦੇ ਅਪਣਾਉਣ ਦੇ ਲਈ ਕਿਸਾਨਾਂ ਨੂੰ ਆਖ ਰਹੀ ਹੈ, ਪਰ ਦੂਜੇ ਪਾਸੇ ਜਦੋਂ ਕਿਸਾਨਾਂ ਸਹਾਇਕ ਧੰਦੇ ਸ਼ੁਰੂ ਕਰ ਲੈਂਦੇ ਹਨ, ਫਿਰ ਕਿਸਾਨਾਂ ਤੋਂ ਸਰਕਾਰ ਮੁੱਖ ਫੇਰ ਰਹੀ ਹੈ। ਅਜਿਹਾ ਕਿਉਂ ਹੋ ਰਿਹਾ ਹੈ? ਪਹਿਲੋਂ ਤਾਂ ਕਿਸਾਨਾਂ ਨੂੰ ਕਰਜ਼ ਦੇ ਕੇ ਸਹਾਇਕ ਧੰਦਾ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ, ਪਰ ਜਦੋਂ ਉਸ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਨਾ ਤਾਂ ਸਬੰਧਤ ਵਿਭਾਗ ਦੇ ਵੱਲੋਂ ਕਿਸਾਨ ਦੀ ਮਦਦ ਕੀਤੀ ਜਾਂਦੀ ਹੈ ਅਤੇ ਨਾ ਹੀ ਬੈਂਕਾਂ ਵਾਲੇ ਕਿਸਾਨ ਦੀ ਸੁਣਦੇ ਹਨ।

ਪੰਜਾਬ ਦੇ ਵਿੱਚ ਸਮੇਂ ਸਮੇਂ 'ਤੇ ਪਸ਼ੂ ਮੇਲੇ ਲਗਾ ਕੇ ਕਿਸਾਨਾਂ ਨੂੰ ਪਸ਼ੂ ਪਾਲਣ ਆਦਿ ਦਾ ਧੰਦਾ ਅਪਣਾਉਣ ਲਈ ਤਾਂ ਆਖ ਰਹੀ ਹੈ, ਪਰ ਕਿਸਾਨਾਂ ਨੂੰ ਜੇਕਰ ਪਸ਼ੂ ਪਾਲਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਦੇ ਵੱਲ ਕੋਈ ਵੇਖਦਾ ਹੀ ਨਹੀਂ। ਪੰਜਾਬ ਦੇ ਵਿੱਚ ਕਿਸਾਨਾਂ ਦੁਆਰਾ ਪਾਲੇ ਜਾ ਰਹੇ ਪਸ਼ੂਆਂ ਨੂੰ ਇਨ੍ਹੀਂ ਦਿਨੀਂ ਮੂੰਹ ਖੁਰ ਵਰਗੀ ਨਾਮੁਰਾਦ ਬਿਮਾਰੀ ਲੱਗ ਰਹੀ ਹੈ, ਜਿਸ ਦੇ ਨਾਲ ਪਸ਼ੂ ਬਿਮਾਰ ਹੋ ਰਹੇ ਹਨ ਅਤੇ ਕਈ ਪਸ਼ੂ ਤਾਂ ਇਸ ਬਿਮਾਰੀ ਤੋਂ ਇਨ੍ਹਾਂ ਜ਼ਿਆਦਾ ਪੀੜਤ ਹਨ ਕਿ ਉਹ ਮੌਤ ਦੇ ਮੂੰਹ ਵਿੱਚ ਵੀ ਜਾ ਰਹੇ ਹਨ।

ਇਸ ਦੇ ਵੱਲ ਸਰਕਾਰ ਨੂੰ ਜਿੱਥੇ ਧਿਆਨ ਦੇਣਾ ਚਾਹੀਦਾ ਹੈ, ਉੱਥੇ ਹੀ ਸਬੰਧਤ ਡੇਅਰੀ ਵਿਭਾਗ ਵੀ ਲੱਗਦੈ ਸਹੁੰਰਦ ਨਹੀਂ। ਕਿਸਾਨਾਂ ਦੇ ਵੱਲੋਂ ਹੋਰ ਫਸਲਾਂ ਨੂੰ ਛੱਡ ਕੇ ਜਿੱਥੇ ਡੇਅਰੀ ਫਾਰਮਾਂ ਦਾ ਧੰਦਾ ਕੀਤਾ ਜਾ ਰਿਹਾ ਹੈ, ਲੱਗਦੈ ਉਹ ਵੀ ਕਿਸਾਨਾਂ ਨੂੰ ਹੁਣ ਕਰਜ਼ੇ ਦੀ ਮਾਰ ਹੇਠਾਂ ਦੱਬੇਗਾ ਅਤੇ ਖੁਦਕੁਸ਼ੀਆਂ ਦੇ ਰਾਹ ਤੋਰੇਗਾ। ਡੇਅਰੀ ਫਾਰਮ ਦਾ ਧੰਦਾ ਕਰਨ ਵਾਲੇ ਕੁਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਸਰਕਾਰ ਦੇ ਕਹੇ 'ਤੇ ਧੰਦਾ ਤਾਂ ਕਰ ਲਿਆ, ਪਰ ਹੁਣ ਜਦੋਂ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਹਨ, ਹੁਣ ਕੋਈ ਵੀ ਉਨ੍ਹਾਂ ਦੀ ਸੁਣ ਨਹੀਂ ਰਿਹਾ।

ਕਿਸਾਨਾਂ ਮੁਤਾਬਿਕ ਦੁੱਧ ਦੇ ਧੰਦੇ ਨਾਲ ਉਹ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਹੇ ਹਨ, ਕਿਉਂਕਿ ਦੁੱਧ ਦੇ ਰੇਟ ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਹਨ, ਜਿਸ ਦੇ ਕਾਰਨ ਖਰਚਾ ਵੱਧ ਹੋ ਰਿਹਾ ਹੈ ਅਤੇ ਲਾਭ ਘੱਟ ਪ੍ਰਾਪਤ ਹੋ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਗਾਵਾਂ ਅਤੇ ਹੋਰ ਪਸ਼ੂਆਂ ਨੂੰ ਮੂੰਹ ਖੁਰ ਜਿਹੀਆਂ ਬਿਮਾਰੀਆਂ ਇਸ ਮੌਸਮ ਵਿੱਚ ਲੱਗ ਰਹੀਆਂ ਹਨ, ਜਿਸ ਦੇ ਕਾਰਨ ਉਨ੍ਹਾਂ ਦਾ ਚੋਖਾ ਨੁਕਸਾਨ ਹੋ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਤਾਂ ਡੇਅਰੀ ਫਾਰਮ ਧੰਦਾ ਲਾਭ ਦਿੰਦਾ ਹੈ, ਪਰ ਬਾਅਦ ਵਿੱਚ ਇਹ ਘਾਟੇ ਦਾ ਸੌਦਾ ਬਣ ਜਾਂਦਾ ਹੈ।

ਕਿਉਂਕਿ ਉਨ੍ਹਾਂ ਦੀ ਸੁਨਣ ਵਾਲਾ ਕੋਈ ਨਹੀਂ ਹੁੰਦਾ। ਕਿਸਾਨਾਂ ਦੇ ਮੁਤਾਬਿਕ ਮੂੰਹ ਖੁਰ ਦੀ ਪਸ਼ੂਆਂ ਨੂੰ ਬਿਮਾਰੀ ਪਿਛਲੇ ਲੰਮੇ ਸਮੇਂ ਤੋਂ ਲੱਗ ਰਹੀ ਹੈ, ਪਰ ਸਰਕਾਰ ਅਤੇ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਨੇ ਦੱਸਿਆ ਕਿ ਪਸ਼ੂ ਮਾਹਿਰ ਦੀ ਸਲਾਹ ਲੈ ਕੇ ਉਹ ਪਸ਼ੂਆਂ ਦਾ ਇਲਾਜ ਵੀ ਕਰਵਾ ਰਹੇ ਹਨ, ਪਰ ਫਿਰ ਵੀ ਪਸ਼ੂ ਠੀਕ ਹੋਣ ਦੀ ਬਿਜਾਏ ਹੋਰ ਬਿਮਾਰ ਹੋ ਰਹੇ ਹਨ। ਕਿਸਾਨਾਂ ਨੇ ਸੂਬਾ ਸਰਕਾਰ ਅਤੇ ਸਬੰਧਤ ਡੇਅਰੀ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਮੂੰਹ ਖੁਰ ਬਿਮਾਰੀ ਦਾ ਇਲਾਜ ਲੱਭਿਆ ਜਾਵੇ ਤਾਂ ਜੋ ਉਹ ਆਪਣੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਣ।

ਦੂਜੇ ਪਾਸੇ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਮੂੰਹ ਖੁਰ ਬਿਮਾਰੀ ਲੱਗਣ ਤੋਂ ਬਾਅਦ ਪਸ਼ੂ ਕੰਬਦਾ ਹੈ ਅਤੇ ਉਸ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ। ਜਿਸ ਦੇ ਕਾਰਨ ਉਸ ਦੀ ਮੌਤ ਵੀ ਹੋ ਸਕਦੀ ਹੈ। ਮਾਹਿਰਾਂ ਮੁਤਾਬਿਕ ਪਿਛਲੇ ਕਰੀਬ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਸਾਡੇ ਪੰਜਾਬ ਦੇ ਅੰਦਰ ਇਸ ਬਿਮਾਰੀ ਨੇ ਜਨਮ ਲਿਆ ਸੀ, ਜਿਸ ਦਾ ਸਰਕਾਰਾਂ ਅਤੇ ਵਿਭਾਗ ਦੇ ਵੱਲੋਂ ਇਲਾਜ ਤਾਂ ਕੀਤਾ ਜਾ ਰਿਹਾ ਹੈ, ਪਰ ਹੁਣ ਤੱਕ ਇਸ ਦਾ ਮੁਕੰਮਲ ਹੱਲ ਨਹੀਂ ਲੱਭਿਆ। ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਸਰਕਾਰ ਆਖਿਰ ਕਦੋਂ ਇਨ੍ਹਾਂ ਡੇਅਰੀ ਫਾਰਮ ਦਾ ਧੰਦਾ ਕਰਨ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੰਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।