ਚਲੋ ਕੇਜਰੀਵਾਲ ਅਤੇ ਖਹਿਰਾ ਧੜੇ ਦੀ ਸਮਰਥਾ ਦਾ ਪਤਾ ਵੀ ਲੱਗ ਜਾਊ ਬਠਿੰਡਾ ਦੇ ਚੋਣ ਦੰਗਲ 'ਚ ??

Last Updated: Apr 14 2019 19:00
Reading time: 2 mins, 58 secs

ਲੋਕਸਭਾ ਚੋਣਾਂ ਨੂੰ ਲੈ ਕੇ ਇਨ੍ਹਾਂ ਦਿਨਾਂ ਵਿੱਚ ਸੂਬੇ ਵਿਚਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀਆਂ ਸਿਆਸੀ ਗਤੀਵਿਧੀਆਂ ਆਪਣੀ ਚਰਮ ਸੀਮਾ 'ਤੇ ਪਹੁੰਚੀਆਂ ਹੋਈਆਂ ਹਨ। ਇਸ ਵਾਰ ਇਨ੍ਹਾਂ ਲੋਕਸਭਾ ਚੋਣਾਂ ਵਿੱਚ ਕੁਝ ਬਿਲਕੁਲ ਨਵੀਆਂ ਸਿਆਸੀ ਪਾਰਟੀਆਂ ਵੀ ਜ਼ੋਰ-ਅਜ਼ਮਾਈ ਕਰਨ ਦੇ ਰੌਂਅ ਵਿੱਚ ਹਨ। ਜੇਕਰ 2014 ਦੀਆਂ ਲੋਕਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਨਵੀਂ ਉੱਭਰੀ 'ਆਮ ਆਦਮੀ ਪਾਰਟੀ' ਨੇ ਪੰਜਾਬ ਦੇ ਚਾਰ ਲੋਕਸਭਾ ਹਲਕਿਆਂ ਤੋਂ ਜਿੱਤ ਦਰਜ ਕਰਕੇ ਕਾਂਗਰਸ ਵਰਗੀ ਪੁਰਾਣੀ ਰਿਵਾਇਤੀ ਪਾਰਟੀ ਨੂੰ ਪਛਾੜ ਦਿੱਤਾ ਸੀ। ਉਸ ਸਮੇਂ 'ਆਮ ਆਦਮੀ ਪਾਰਟੀ' ਨੂੰ ਭਾਵੇਂ ਦੇਸ਼ ਦੇ ਹੋਰ ਕਿਸੇ ਵੀ ਰਾਜ ਵਿੱਚ ਸਫਲਤਾ ਨਹੀਂ ਮਿਲੀ ਸੀ, ਪਰ ਪੰਜਾਬ ਦੇ ਸਿਆਸੀ ਦੰਗਲ ਨੂੰ ਤਿੰਨ-ਧਿਰੀ ਬਣਾ ਕੇ ਇਸ ਨਵੀਂ ਪਾਰਟੀ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਰਿਵਾਇਤੀ ਪਾਰਟੀਆਂ ਦੀ ਨੀਂਦ ਜ਼ਰੂਰ ਹਰਾਮ ਕਰ ਦਿੱਤੀ ਸੀ। 

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਏ 'ਅਕਾਲੀ ਦਲ ਟਕਸਾਲੀ' ਅਤੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਵੱਲੋਂ ਸੰਗਠਿਤ ਕੀਤੇ ਗਏ 'ਪੰਜਾਬ ਲੋਕਤੰਤਰੀ ਗੱਠਜੋੜ' ਵੱਲੋਂ ਵੀ ਲੋਕਸਭਾ ਚੋਣਾਂ ਵਿੱਚ ਭਾਗ ਲਿਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਇਸ ਵਾਰ ਕੁੱਲ ਪੰਜ ਸਿਆਸੀ ਪਾਰਟੀਆਂ ਵੱਲੋਂ ਲੋਕਸਭਾ ਚੋਣਾਂ ਦੇ ਮਹਾਂ-ਦੰਗਲ ਵਿੱਚ ਜ਼ੋਰ-ਅਜ਼ਮਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇਕਰ ਸੂਬੇ ਦੇ ਮੌਜੂਦਾ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਤਿੰਨ ਨਵੀਆਂ ਧਿਰਾਂ ਦੇ ਚੋਣ ਮੈਦਾਨ ਵਿੱਚ ਉਤਰਣ ਦਾ ਸਿੱਧਾ ਲਾਭ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਰਿਵਾਇਤੀ ਪਾਰਟੀਆਂ ਨੂੰ ਪਹੁੰਚਣ ਦੀ ਉਮੀਦ ਹੈ। 

ਜੇਕਰ ਇਹ ਸਾਰੀਆਂ ਨਵੀਆਂ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਮੈਦਾਨ ਵਿੱਚ ਉੱਤਰਦੀਆਂ ਤਾਂ ਨਤੀਜੇ ਹੈਰਾਨਕੁਨ ਹੋ ਸਕਦੇ ਸਨ, ਪਰ ਵਰਤਮਾਨ ਸਥਿਤੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਦਰਮਿਆਨ ਹੀ ਹੋਣ ਦੀ ਉਮੀਦ ਹੈ। ਜੇਕਰ ਸੂਬੇ ਦੇ ਵੱਖ-ਵੱਖ 13 ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਅਤੇ ਫ਼ਿਰੋਜ਼ਪੁਰ ਹਲਕੇ ਨੂੰ ਛੱਡ ਕੇ ਬਾਕੀ ਦੇ ਸਾਰੇ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਵੀ ਆਪਣੇ ਹਿੱਸੇ ਦੇ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ, ਪਰ ਅਕਾਲੀ ਦਲ ਵੱਲੋਂ ਹੁਣ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਹੀ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ। 

ਇਹ ਗੱਲ ਤਾਂ ਪੱਕੀ ਹੈ ਕਿ ਇਨ੍ਹਾਂ ਦੋਵੇਂ ਹਲਕਿਆਂ ਵਿੱਚ ਫਸਵਾਂ ਸਿਆਸੀ ਭੇੜ ਹੋਣਾ ਯਕੀਨੀ ਹੈ, ਕਿਉਂਕਿ ਬਾਦਲ ਪਰਿਵਾਰ ਦੇ ਜੱਦੀ ਹਲਕੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਫ਼ਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰ ਹੋ ਸਕਦੇ ਹਨ। ਅਜਿਹੇ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਵੀ ਵੱਡੇ ਸਿਆਸੀ ਕੱਦ ਵਾਲੇ ਉਮੀਦਵਾਰ ਹੀ ਉੱਕਤ ਹਲਕਿਆਂ ਤੋਂ ਉਤਾਰੇ ਜਾਣ ਦੀ ਸੰਭਾਵਨਾ ਹੈ। ਜੇਕਰ ਬਠਿੰਡਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਆਪ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋ ਦੀ ਵਿਧਾਇਕਾ ਬੀਬੀ ਬਲਜਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। 

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰ ਨੂੰ ਤਕੜੀ ਟੱਕਰ ਦੇਣ ਲਈ ਕਾਂਗਰਸ ਪਾਰਟੀ ਵੱਲੋਂ ਵੀ ਰਾਜਾ ਵੜਿੰਗ ਜਾਂ ਕਿਸੇ ਹੋਰ ਵੱਡੇ ਆਗੂ ਨੂੰ ਬਠਿੰਡਾ ਤੋਂ ਚੋਣ ਲੜਾਏ ਜਾਣ ਦੀ ਚਰਚਾ ਚੱਲ ਰਹੀ ਹੈ। ਜੇਕਰ ਵੇਖਿਆ ਜਾਵੇ ਤਾਂ ਜਿੱਥੇ ਬਠਿੰਡਾ ਹਲਕੇ ਦਾ ਮੁਕਾਬਲਾ ਬਾਦਲ ਪਰਿਵਾਰ ਦੇ ਵਕਾਰ ਦਾ ਸਵਾਲ ਹੈ, ਉੱਥੇ ਸੱਤਾਧਾਰੀ ਕਾਂਗਰਸ ਪਾਰਟੀ ਲਈ ਵੀ ਇਹ ਸੀਟ ਜਿੱਤਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਜਿਹੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਠਿੰਡਾ ਹਲਕੇ ਦਾ ਮਹਾਂ-ਦੰਗਲ ਮੁੱਖ ਰੂਪ ਵਿੱਚ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਮਿਆਨ ਹੀ ਹੋਣ ਦੀ ਸੰਭਾਵਨਾ ਹੈ, ਪਰ ਇਸ ਹਲਕੇ ਦੇ ਮੁਕਾਬਲੇ ਤੋਂ ਇੱਕ ਗੱਲ ਹੋਰ ਸਾਫ ਹੋ ਜਾਵੇਗੀ ਕਿ ਕੇਜਰੀਵਾਲ ਦੀ 'ਆਮ ਆਦਮੀ ਪਾਰਟੀ' ਅਤੇ ਉਸ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਵਿੱਚੋਂ ਮੌਜੂਦਾ ਸਮੇਂ ਕੌਣ ਕਿੰਨੇ ਪਾਣੀ ਵਿੱਚ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।