ਮੋਏ ਪੁੱਤਰ ਦੀ ਪੀੜ...

Last Updated: Apr 13 2019 12:41
Reading time: 1 min, 36 secs

ਮੈਂ ਖੁਸ਼ ਸਾਂ ਕਿ ਪੰਜਾਬ ਦੀ ਇੱਕ ਮਸ਼ਹੂਰ ਹਸਤੀ ਦੀ ਅੰਮੀਂ ਦਾ ਸੁਨੇਹਾ ਆਇਆ ਸੀ ਮੇਰੇ ਲਈ, 
ਦਿਨ 'ਚ ਕਈ ਵਾਰ ਉਸ ਸੁਨੇਹੇ ਨੂੰ ਪੜ੍ਹਿਆ, ਦਿੱਤੇ ਹੋਏ ਨੰਬਰ ਤੇ "ਫੋਨ ਕਰਾਂ ਜਾਂ ਨਾ?" ਦਿਨ 'ਚ ਕਈ ਵਾਰ ਸੋਚਿਆ ਸੀ। ਕੁੱਝ ਕੁ ਦਿਨਾਂ ਦੀਆਂ ਸੋਚਾਂ ਤੋਂ ਬਾਅਦ ਗੱਲ ਕਰਨ ਦਾ ਮਨ ਬਣਾਇਆ।

ਅੱਗੋਂ ਇੱਕ ਮਾਂ ਸੀ, ਗੱਲਾਂ ਦੀ ਸ਼ੁਰੂਆਤ ਮੇਰੀਆਂ ਲਿਖਤਾਂ, ਲਹਿਜ਼ੇ ਤੇ ਬੋਲੀ ਦੀ ਮਿਠਾਸ ਤੋਂ ਲੈਕੇ ਅੰਮੀਂ ਦੀ ਆਪਣੀ ਜ਼ਿੰਦਗੀ ਤੱਕ ਪਹੁੰਚੀ ਤਾਂ ਮੇਰੀਆਂ ਸਾਰੀਆਂ ਲਿਖਤਾਂ ਤੋਂ ਜ਼ਿਆਦਾ ਪੀੜ ਉਸ ਮਾਂ ਦੇ ਦਿਲ ਵਿੱਚ ਗੰਢਾਂ ਬਣਕੇ ਜੰਮੀ ਪਈ ਸੀ।
ਹਰ ਗੱਲ 'ਚ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਪੁੱਤਰ ਦਾ ਪਿਆਰ ਤੇ ਪੀੜ ਸੀ, ਵੱਡੇ ਘਰਾਣਿਆਂ ਦੀ ਧੀ ਤੇ ਨੂੰਹ ਦੀ ਝੋਲੀ 'ਚੋਂ ਉਸ ਮਾਲਕ ਨੇ ਉਹਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਸ਼ੈਅ  ਖੋ ਲਈ ਸੀ।

ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੈਕੇ ਵੱਡੀਆਂ ਖਾਹਿਸ਼ਾਂ ਦੀਆਂ ਰਮਜਾਂ ਸਮਝਣ ਵਾਲੀ ਮਾਂ ਪੁੱਤਰ ਦੀ ਜਿੰਦੜੀ ਦਾ ਉਹ ਆਖੀਰੀ ਪਲ ਨਾ ਮਹਿਸੂਸ ਕਰ ਸਕੀ।
"ਉਹਨੂੰ ਨਾ ਚਹੁੰਦਿਆਂ ਵੀ ਘਰੋਂ ਆਪਣੇਂ ਹੱਥੀਂ ਖੌਰੇ ਕਿਸ ਕਿਹੜੀ ਭੈੜੀ ਘੜੀ ਤੋਰਿਆ ਮੈਂ, ਉਹ ਰਾਤ ਤੇ ਉਹ ਘੜੀ ਮੇਰੇ ਜ਼ਿਹਨ 'ਚ ਇਓਂ ਘੁੰਮਦੀ ਏ ਜਿਓਂ ਮੇਰੇ ਸਾਹ, ਉਹ ਇੱਕ ਵਕਤ ਏ ਜੋ ਦੁਨੀਆਂ ਦੀ ਕੋਈ ਦੌਲਤ ਵਾਪਿਸ ਨਹੀਂ ਲਿਆ ਸਕਦੀ।

ਮੈਂ ਸੋਚਦੀ ਹਾਂ ਰੱਬ ਤਕਦੀਰ ਲਿਖਣ ਲੱਗਿਆਂ ਉਹਨੂੰ ਬਦਲਣ ਦਾ ਇੱਕ ਮੌਕਾ ਕਿਓਂ ਨਹੀਂ ਨਸੀਬ ਕਰਦਾ ਸਭ ਨੂੰ।

ਟੈਲੀਫੋਨ ਤੇ ਸਿਰਫ ਸਾਹਾਂ ਦੀ ਪੀੜ ਸਮਝ ਰਹੀ ਸਾਂ ਮੈਂ ਪਰ ਬੋਲਾਂ ਦੀ ਕੰਬਣੀ ਦੱਸਦੀ ਸੀ ਕਿ ਹੰਝੂਆਂ ਦੀ ਸਿੱਲ ਦੂਰ ਕਿਸੇ ਘਰ ਦੀਆਂ ਕੰਧਾਂ ਮਹਿਸੂਸ ਕਰ ਰਹੀਆਂ ਸੈਣ।
ਸ਼ਾਇਦ ਰਾਤਾਂ ਨੂੰ ਚੋਰੀ ਰੋਂਦੀ ਉਸ ਮਾਂ ਦੀ ਆਦਤ ਸੀ ਉਸ ਘਰ ਨੂੰ, ਪਰ ਹੌਸਲਾ ਦੇਣ ਵਾਲੇ ਆਪਣੇ ਬਥੇਰਿਆਂ ਦੇ ਹੋਣ ਦੇ ਬਾਵਜੂਦ ਵੀ ਉਹ ਇੱਕ ਉਹਦੇ ਬਿਨਾ ਇੱਕਲੀ ਸੀ।
ਕੁੱਝ ਪਲਾਂ ਦੀ ਇਸ ਸਾਂਝ ਤੋਂ ਬਾਅਦ ਉਸ ਮਾਂ ਨਾਲ ਸ਼ਾਇਦ ਮੇਰੀ ਉਮਰਾਂ ਦੀ ਸਾਂਝ ਬਣ ਗਈ ਹੋਣੀਏ, ਪਰ ਉਹਦੀ ਪੀੜ ਨੂੰ ਘੱਟ ਕਰਨ ਦਾ ਦਮ ਮੇਰੇ ਅਲਫਾਜ਼ਾਂ 'ਚ ਨਹੀਂ ਏ ਸ਼ਾਇਦ।

ਕਿਸੇ ਦੇ ਦਿਲ 'ਚ ਪਲਦੇ ਵੈਰ ਨਾਲ ਮੁੱਕੇ ਪੁੱਤਰ ਦੀ ਪੀੜ ਕੋਈ ਮਾਂ ਸ਼ਾਇਦ ਸਹਿ ਵੀ ਲੈਂਦੀ, ਪਰ ਕਿਸੇ ਦੀ ਮੁਹੱਬਤ ਨਾਲ ਮੁੱਕੇ ਪੁੱਤਰ ਦੀ ਪੀੜ...।