ਨਿੱਕੀ ਉਮਰੇ ਸਿਆਣੀਆਂ ਧੀਆਂ...

Last Updated: Apr 10 2019 15:13
Reading time: 1 min, 2 secs

ਪੰਜ ਸਾਲ ਤੋਂ ਮੰਜੇ ਤੇ ਪਿਆ ਨਿੱਕੀ ਜਿਹੀ ਕੁੜੀ ਦਾ ਪਿਓ ਦੁਨੀਆ ਤੋਂ ਰੁਖਸਤ ਹੋਇਆ ਸੀ। ਉਹਦੀ ਅੰਤਿਮ ਅਰਦਾਸ 'ਚ ਤਮਾਮ ਲੋਕਾਂ ਨਾਲ ਮੈਂ ਵੀ ਬੈਠੀ ਸਾਂ। ਗੁਆਂਢ 'ਚ ਰਹਿੰਦੀ ਏ, ਕਦੀ ਕਦੀ ਕੰਧੋਂ ਪਾਰ ਗਾਣਾ ਗਾਉਂਦੀ ਸੁਣਦੀ ਹੁੰਦੀ ਏ ਮੈਨੂੰ। ਦਸਾਂ ਕੁ ਵਰ੍ਹਿਆਂ ਦੀ ਨੇ ਇੱਕ ਕਾਗਜ਼ ਫਰੋਲਿਆ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਬੋਲਣ ਲੱਗੀ।

" ਮੇਰੀ ਮਾਂ ਹਲੇ ਸਦਮੇ 'ਚ ਏ, ਇਹ ਚਿੱਠੀ ਮੇਰੀ ਭੈਣ ਨੇ ਲਿਖਕੇ ਭੇਜੀ ਏ ਜਿਹੜੀ ਇਸ ਸਮੇਂ ਕੈਨੇਡਾ 'ਚ ਪੜ੍ਹਨ ਲਈ ਗਈ ਏ, "ਅਸੀਂ ਤਿੰਨੋਂ ਭੈਣਾਂ ਤੁਹਾਨੂੰ ਬਹੁਤ ਪਿਆਰ ਕਰਦੀਆਂ ਸਾਂ, ਪਰ ਤੁਸੀਂ ਬੜੀ ਕਾਹਲ ਕੀਤੀ ਤੁਰ ਜਾਣ ਦੀ, ਸਾਡੀ ਮਾਂ ਨੂੰ ਹਲੇ ਤੁਹਾਡੀ ਜ਼ਰੂਰਤ ਸੀ। ਅਸੀਂ ਰੱਬ ਨੂੰ ਸ਼ੁਕਰੀਆ ਕਹਿੰਦੀਆਂ ਹਾਂ ਕਿ ਉਹਨੇ ਸਾਨੂੰ ਇੱਕ ਚੰਗਾ ਪਿਤਾ ਦਿੱਤਾ, ਉਸਤੋਂ ਵੀ ਚੰਗੀ ਮਾਂ ਜੋ ਸਾਨੂੰ ਉਸਦੀ ਗੈਰ ਹਾਜ਼ਰੀ 'ਚ ਸੰਭਾਲ ਲਏਗੀ। ਤੁਹਾਡਾ ਸ਼ੁਕਰੀਆ ਤੁਸੀਂ ਸਭ ਸਾਡਾ ਦੁੱਖ ਵੰਡਾਉਣ ਆਏ। ਪਰ ਮੈਂ ਰੱਬ ਨੂੰ ਕਹਿਣਾ ਕਿ ਮੇਰੇ ਪਾਪਾ ਨਾਲ ਅਗਲੇ ਜਨਮ ਮੈਂ ਜ਼ਿਆਦਾ ਸਮਾਂ ਰਹਿ ਸਕਾਂ, ਕਿਓਂਕਿ ਤਿੰਨਾਂ ਭੈਣਾਂ 'ਚੋਂ ਮੈਨੂੰ ਸਭ ਤੋਂ ਘੱਟ ਵਕਤ ਮਿਲਿਆ ਉਨ੍ਹਾਂ  ਨਾਲ।"

ਇਹੋ ਜਿਹਾ ਵੇਲਾ ਜ਼ਿੰਦਗੀ 'ਚ ਮੈਂ ਕਦੇ ਕਿਸੇ ਦੀ ਅੰਤਿਮ ਅਰਦਾਸ 'ਚ ਨਹੀਂ ਵੇਖਿਆ।

ਕੁੱਝ ਕੁ ਦਿਨਾਂ ਬਾਅਦ ਫਿਰ ਉਹ ਕੰਧੋਂ ਪਾਰ ਗੁਣਗੁਣਾ ਰਹੀ ਸੀ, "ਨਾਂ ਝਿੜਕ ਬਾਬਲਾ ਵੇ ਕੁੜੀਆਂ ਤਾਂ ਚਿੜੀਆਂ ਨੇ।" 
ਮੈਂ ਸੋਚਦੀ ਹਾਂ ਨਿਮਾਣੀ ਜਿਹੀ ਉਮਰ 'ਚ ਕਿੰਨੀਂ ਵੱਡੀ ਹੋ ਗਈ ਏ ਉਹ।