ਟਰੱਕ 'ਚੋਂ 30 ਗੱਟੇ ਚੌਲ ਚੋਰੀ ਕਰਨ ਦੇ ਦੋਸ਼ 'ਚ ਤਿੰਨ ਵਿਰੁੱਧ ਪਰਚਾ ਦਰਜ.!!

Last Updated: Apr 10 2019 13:01
Reading time: 0 mins, 57 secs

ਬੀਤੀ ਦਰਮਿਆਨੀ ਰਾਤ ਨੂੰ ਇੱਕ ਟਰੱਕ ਵਿੱਚੋਂ 30 ਗੱਟੇ ਚੌਲ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਜ਼ੀਰਾ ਸਿਟੀ ਪੁਲਿਸ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਿਸ਼ਨ ਲਾਲ ਪੁੱਤਰ ਜੈ ਚੰਦ ਵਾਸੀ ਗੁਰੂ ਤੇਗ ਬਹਾਦਰ ਨਗਰ ਜ਼ੀਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਵਿਜੈ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੱਲਾਂਵਾਲਾ ਦੇ ਟਰੱਕ 'ਤੇ ਡਰਾਇਵਰੀ ਕਰਦਾ ਹੈ ਅਤੇ ਟਰੱਕ ਵਿੱਚ 700 ਗੱਟੇ ਚੌਲ ਲੋਡ ਕਰਕੇ ਜਲਾਲਾਬਾਦ ਤੋਂ ਬਹਾਲਗੜ (ਹਰਿਆਣੇ) ਲਈ ਬੀਤੇ ਦਿਨ ਜਾ ਰਿਹਾ ਸੀ। 

ਬਿਸ਼ਨ ਲਾਲ ਨੇ ਦੋਸ਼ ਲਗਾਇਆ ਕਿ ਉਹ ਜ਼ੀਰੇ ਕੋਲ ਇੱਕ ਢਾਬੇ 'ਤੇ ਟਰੱਕ ਰੋਕ ਕੇ ਰੋਟੀ ਖਾ ਕੇ ਉੱਥੇ ਸੋ ਗਿਆ। ਬਿਸ਼ਨ ਲਾਲ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਕਾਕਾ ਲਿੱਬਲ, ਨੁੱਕਾ ਅਤੇ ਇੱਕ ਅਣਪਛਾਤਾ ਵਿਅਕਤੀ ਗੱਡੀ 'ਤੇ ਸਵਾਰ ਹੋ ਕੇ ਆਏ ਜੋ ਮੁੱਦਈ ਦੇ ਟਰੱਕ ਵਿੱਚੋਂ 30 ਗੱਟੇ ਚੌਲ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਿਸ਼ਨ ਲਾਲ ਦੇ ਬਿਆਨਾਂ ਦੇ ਅਧਾਰ 'ਤੇ ਕਾਕਾ ਲਿੱਬਲ ਪੁੱਤਰ ਕੇਵਲ ਸਿੰਘ, ਨੁੱਕਾ ਪੁੱਤਰ ਪ੍ਰੇਮ ਵਾਸੀਅਨ ਬਸਤੀ ਆਵਾ ਸਿਟੀ ਫਿਰੋਜ਼ਪੁਰ ਤੋਂ ਇਲਾਵਾ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।