ਜ਼ਮੀਨ ਦਾ ਟੁੱਕੜਾ ਹੀ ਪਵਾ ਦਿੰਦੈ ਰਿਸ਼ਤਿਆਂ 'ਚ ਖਟਾਸ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 28 2019 13:36
Reading time: 2 mins, 59 secs

ਸਿਆਣੇ ਕਹਿੰਦੇ ਹਨ ਕਿ ਜ਼ਮੀਨ ਤਾਂ ''ਜਿੰਮੀਦਾਰ'' ਦੀ ਮਾਂ ਹੁੰਦੀ ਹੈ। ਜਿਸ ਨੇ ਜ਼ਮੀਨ ਹੀ ਵੇਚ ਦਿੱਤੀ, ਫਿਰ ਉਹ ਜਿੰਮੀਦਾਰ ਕਾਹਦਾ ਰਿਹਾ। ਦਰਅਸਲ, ਜ਼ਮੀਨੀਂ ਝਗੜਿਆਂ ਨੂੰ ਲੈ ਕੇ ਸਾਡੇ ਪੰਜਾਬ ਦੇ ਅੰਦਰ ਰੋਜ਼ਾਨਾ ਹੀ ਕਤਲ ਆਦਿ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜ਼ਮੀਨ ਨੂੰ ਲੈ ਕੇ ਪਿਓ ਪੁੱਤ ਨੂੰ ਮਾਰ ਰਿਹਾ ਹੈ ਅਤੇ ਪੁੱਤ ਪਿਓ ਨੂੰ। ਕਈ ਵਾਰ ਤਾਂ ਇਹ ਜ਼ਮੀਨ ਦੇ ਟੁੱਕੜੇ ਭਰਾਵਾਂ ਨੂੰ ਭਰਾਵਾਂ ਦੇ ਹੱਥੋਂ ਹੀ ਮਰਵਾ ਦਿੰਦੇ ਹਨ, ਜਿਸ ਦੇ ਕਾਰਨ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਵੀ ਕਈ ਕਈ ਸਾਲ ਸੜਨਾ ਪੈਂਦਾ ਹੈ। 

ਸਾਡੇ ਪੰਜਾਬ ਦੇ ਲੋਕ ਭਾਵੇਂ ਹੀ ਦਿਲ ਦੇ ਕਾਫ਼ੀ ਜ਼ਿਆਦਾ ਅਮੀਰ ਹੁੰਦੇ ਹਨ, ਪਰ ਜ਼ਮੀਨ ਦੀ ਇੱਕ ਇੰਚ ਵੀ ਛੱਡਣ ਨੂੰ ਤਿਆਰ ਨਹੀਂ ਹੁੰਦੇ। ਕਈ ਵਾਰ ਤਾਂ ਇੱਕ ਇੰਚ ਜ਼ਮੀਨ ਨੂੰ ਲੈ ਕੇ ਗੋਲੀਆਂ ਚੱਲ ਜਾਂਦੀਆਂ ਹਨ ਅਤੇ ਇੱਥੋਂ ਤੱਕ ਕਿ ਕਈ ਵਾਰ ਕਤਲ ਵੀ ਹੋ ਜਾਂਦੇ ਹਨ। ਦੋਸਤੋਂ, ਵੈਸੇ ਵੇਖਿਆ ਜਾਵੇ ਤਾਂ ਇਸ ਸਮੇਂ ਸਾਡੇ ਪੰਜਾਬੀਆਂ ਵਿੱਚ ਸਬਰ ਸੰਤੋਖ ਦੀ ਗੱਲ ਕਿਧਰੇ ਨਜ਼ਰ ਨਹੀਂ ਆ ਰਹੀ। ਰੋਜ਼ਾਨਾ ਹੋ ਰਹੇ ਜ਼ਮੀਨ ਦੇ ਪਿੱਛੇ ਕਤਲ ਇਹ ਸਾਬਤ ਕਰਦੇ ਹਨ ਕਿ ਜਿੰਮੀਦਾਰ ਨੂੰ ਆਪਣੀ ਜਾਨ ਤੋਂ ਜ਼ਿਆਦਾ ਮਿੱਟੀ ਪਿਆਰੀ ਹੈ। 

ਦੋਸਤੋਂ, ਜੋ ਮਾਮਲਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ, ਉਹ ਵੀ ਖ਼ੂਨ ਦੇ ਰਿਸ਼ਤੇ ਨਾਲ ਹੀ ਜੁੜਿਆ ਹੋਇਆ ਹੈ। ਦਰਅਸਲ, ਪਿੰਡ ਤਲਵੰਡੀ ਜੱਲੇ ਖਾਂ ਵਿਖੇ ਤਾਏ ਦੇ ਵਲੋਂ ਆਪਣੇ ਹੀ ਭਤੀਜੇ ਤੇ ਉਸ ਦੇ ਸਾਲੇ 'ਤੇ ਇਸ ਲਈ ਹਮਲਾ ਕਰ ਦਿੱਤਾ ਗਿਆ, ਕਿਉਂਕਿ ਭਤੀਜਾ ਆਪਣੇ ਤਾਏ ਤੋਂ ਦਾਦੇ ਦਾ ਹਿੱਸਾ ਮੰਗ ਰਿਹਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਹੋਇਆ ਤਾਏ ਨੇ ਆਪਣੇ ਮੁੰਡਿਆਂ ਤੇ ਹੋਰ ਸਾਥੀਆਂ ਨਾਲ ਮਿਲ ਕੇ ਭਤੀਜੇ ਤੇ ਉਸ ਦੇ ਸਾਲੇ 'ਤੇ ਬੇਰਹਿਮੀ ਨਾਲ ਹਮਲਾ ਕਰਦਿਆਂ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। 

ਇਸ ਸਬੰਧ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਦੇ ਵਲੋਂ ਕਰੀਬ 13 ਹਮਲਾਵਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਨੇ ਪੁਲਿਸ ਥਾਣਾ ਸਦਰ ਜ਼ੀਰਾ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਆਪਣੇ ਦਾਦੇ ਦੀ ਜ਼ਮੀਨ ਵਿੱਚੋਂ ਹਿੱਸਾ ਆਪਣੇ ਤਾਏ ਤੋਂ ਪਿਛਲੇ ਲੰਮੇ ਸਮੇਂ ਤੋਂ ਮੰਗਦਾ ਆ ਰਿਹਾ ਸੀ, ਪਰ ਉਸ ਦਾ ਤਾਇਆ ਸੁਖਵਿੰਦਰ ਸਿੰਘ ਦਾਦੇ ਦੀ ਜ਼ਮੀਨ ਵਿੱਚੋਂ ਹਿੱਸਾ ਨਹੀਂ ਦੇ ਰਿਹਾ। 

ਨਿਰਮਲ ਸਿੰਘ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਉਹ ਅਤੇ ਉਸ ਦਾ ਸਾਲਾ ਗੁਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਅਤੇ ਜਦੋਂ ਉਹ ਆਪਣੇ ਪਿੰਡ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਇਸੇ ਦੌਰਾਨ ਤਾਏ ਸੁਖਵਿੰਦਰ ਸਿੰਘ ਨੇ ਆਪਣੇ ਸਾਥੀ ਜਸਬੀਰ ਸਿੰਘ, ਬਿੰਦਰ ਸਿੰਘ, ਕਾਕਾ, ਗੁਰਮੀਤ ਸਿੰਘ ਤੋਂ ਇਲਾਵਾ 8/9 ਬੰਦਿਆਂ ਨੂੰ ਨਾਲ ਲੈ ਕੇ ਹਮਮਸ਼ਵਰਾ ਹੋ ਕੇ ਮੁੱਦਈ ਅਤੇ ਉਸ ਦੇ ਸਾਲੇ 'ਤੇ ਹਮਲਾ ਕਰਦਿਆਂ ਹੋਇਆ 12 ਬੋਰ ਬੰਦੂਕ ਦੇ ਬੱਟ ਮਾਰੇ ਅਤੇ ਕਾਪੇ ਨਾਲ ਕਈ ਵਾਰ ਕਰਦਿਆਂ ਸੱਟਾਂ ਮਾਰੀਆਂ। 

ਨਿਰਮਲ ਸਿੰਘ ਨੇ ਦੱਸਿਆ ਕਿ ਬਿੰਦਰ, ਕਾਕਾ ਤੇ ਗੁਰਮੀਤ ਸਿੰਘ ਨੇ 12 ਬੋਰ ਦੀਆਂ ਬੰਦੂਕਾਂ ਨਾਲ ਫਾਇਰ ਵੀ ਕੀਤੇ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ। ਨਿਰਮਲ ਸਿੰਘ ਨੇ ਦੋਸ਼ ਲਗਾਇਆ ਕਿ ਸੱਟਾਂ ਵੱਜਣ ਦੇ ਕਾਰਨ ਉਹ ਅਤੇ ਉਸ ਦਾ ਸਾਲਾ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਨਿਰਮਲ ਸਿੰਘ ਮੁਤਾਬਿਕ ਜ਼ਖਮੀ ਦੀ ਹਾਲਤ ਵਿੱਚ ਇਲਾਕੇ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਡਾਕਟਰਾਂ ਦੇ ਵਲੋਂ ਕੀਤਾ ਜਾ ਰਿਹਾ ਹੈ। 

ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਵਣ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਿਰਮਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਸਬੀਰ ਸਿੰਘ ਉਰਫ਼ ਸਾਬਾ ਪੁੱਤਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਅਮੀਰ ਸਿੰਘ ਵਾਸੀਅਨ ਤਲਵੰਡੀ ਜੱਲੇ ਖਾਂ, ਬਿੰਦਰ ਸਿੰਘ ਵਾਸੀ ਪਿੰਡ ਨੂਰਪੁਰ, ਕਾਕਾ ਪੁੱਤਰ ਦਰਸ਼ਨ ਸਿੰਘ ਵਾਸੀ ਸ਼ਾਹ ਅੱਬੂ ਬੁੱਕਰ, ਗੁਰਮੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਘੇਲੇ ਵਾਲਾ ਤੋਂ ਇਲਾਵਾ 7/8 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।