ਪੰਜਾਬੀ ਭਵਨ ‘ਚ ਕੈਨੇਡਾ ਵੱਸਦੇ ਪੰਜਾਬੀ ਕਵੀ ਭੁਪਿੰਦਰ ਦੁਲੇਅ ਹੋਏ ਸਰੋਤਿਆਂ ਦੇ ਰੂਬਰੂ

Last Updated: Mar 25 2019 19:34
Reading time: 1 min, 44 secs

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੈਨੇਡਾ 'ਚ ਵੱਸਦੇ ਪ੍ਰਸਿੱਧ ਸ਼ਾਇਰ ਭੁਪਿੰਦਰ ਦੁਲੇਅ ਦਾ ਰੂ-ਬ-ਰੂ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸ੍ਰੀ ਭੁਪਿੰਦਰ ਦੁਲੇਅ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਨ੍ਹਾਂ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰੋ. ਭੱਠਲ ਨੇ ਕਿਹਾ ਅਕਾਡਮੀ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਲੇਖਕਾਂ ਦੀ ਭਾਰਤ ਫੇਰੀ ਮੌਕੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਜਾਵੇ। 

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਭੁਪਿੰਦਰ ਦੁਲੇਅ ਪੰਜਾਬੀ ਮਾਂ ਬੋਲੀ ਦਾ ਲਾਡਲਾ ਸ਼ਾਇਰ ਹੈ। ਉਨ੍ਹਾਂ ਭੁਪਿੰਦਰ ਦੁਲੇਅ ਦੇ ਪਿਤਾ ਜੀ ਤੇ ਪ੍ਰਸਿੱਧ ਸ਼ਾਇਰ ਡਾ: ਰਣਧੀਰਸਿੰਘ ਚੰਦ ਪਰਿਵਾਰ ਨਾਲ ਸਬੰਧਿਤ ਯਾਦਾਂ ਸਾਂਝੀਆਂ ਕਰਦਿਆਂ ਭੁਪਿੰਦਰ ਦੀ ਸ਼ਾਇਰੀ ਵਿੱਚ ਕੀਤੀ ਮਿਹਨਤ ਤੇ ਤਸੱਲੀ ਪ੍ਰਗਟਾਈ ਤੇ ਭੁਪਿੰਦਰ ਦੀ ਸ਼ਾਇਰੀ ਨੂੰ ਕਿਸੇ ਵਿਸ਼ੇਸ਼ ਖਿੱਤੇ ਦੀ ਥਾਂ ਸਮੂਹ ਪੰਜਾਬੀਅਤ ਦੀ ਆਵਾਜ਼ ਕਿਹਾ। ਵਿਰਸੇ ਤੋਂ ਮਿਲੀ ਇਸ ਦਾਤ ਨੂੰ ਭੁਪਿੰਦਰ ਦੁਲੇਅ ਨੇ ਹੋਰ ਵੀ ਮਿਹਨਤ ਨਾਲ ਨਿਖਾਰਿਆ ਹੈ। ਭੋਪਾਲ ਤੋਂ ਆਏ ਸਿੰਧੀ ਕਵੀ ਨਾਰੀ ਲਛਵਾਨੀ ਨੇ ਵੀ ਪ੍ਰਧਾਨਗੀ ਮੰਡਲ 'ਚ ਸ਼ਿਰਕਤ ਕੀਤੀ।

ਸ੍ਰੀ ਭੁਪਿੰਦਰ ਦੁਲੇਅ ਦੀ ਸ਼ਾਇਰੀ ਬਾਰੇ ਅਕਾਡਮੀ ਦੇ ਸਕੱਤਰ ਡਾ. ਜਗਵਿੰਦਰ ਜੋਧਾ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਭੁਪਿੰਦਰ ਦੁਲੇਅ ਚੁੱਪ ਚੁਪੀਤੇ ਕਾਰਜ ਕਰਨ ਵਾਲਾ ਪੰਜਾਬੀ ਗ਼ਜ਼ਲਗੋਅ ਹੈ। ਉਹ ਨਵੀਂ ਸੰਵੇਦਨਾ ਤੇ ਮਨੁੱਖੀ ਹੋਂਦ ਦੇ ਸੰਕਟਾਂ ਨੂੰ ਆਪਣੀ ਸ਼ਾਇਰੀ ਦੀ ਵਸਤੂ ਬਣਾਉਂਦਾ ਹੈ। ਇਸ ਮੌਕੇ ਭੁਪਿੰਦਰ ਦੁਲੇਅ ਅਤੇ ਉਸਦੀ ਜੀਵਨ ਸਾਥਣ ਪਰੀਤ ਬਲਵਿੰਦਰ ਦੁਲੇਅ ਨੂੰ ਸਨਮਾਨਤ ਕੀਤਾ ਗਿਆ।

ਸ੍ਰੀ ਭੁਪਿੰਦਰ ਦੁਲੇਅ ਹੋਰਾਂ ਦਰਸ਼ਕਾਂ/ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਉਹ ਸ਼ਾਇਰੀ ਦੀ ਦ੍ਰਿਸ਼ਟੀ ਰਾਹੀਂ ਹੀ ਦੁਨੀਆਂ ਨੂੰ ਦੇਖਦਾ ਹੈ। ਸ਼ਾਇਰੀ ਉਸ ਲਈ ਸਭ ਤੋਂ ਵੱਡਾ ਸਹਾਰਾ ਹੈ। ਜੋ ਹਰ ਮੌਕੇ ਉਸ ਦੀ ਨੁਹਾਰ ਬਣਦਾ ਹੈ। ਭੁਪਿੰਦਰ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਜੀਤ ਜੱਜ, ਪ੍ਰਭਜੋਤ ਸੋਹੀ, ਜਤਿੰਦਰ ਹਾਂਸ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਪਾਲੀ ਖਾਦਿਮ, ਜਨਮੇਜਾ ਸਿੰਘ ਜੌਹਲ ਸਤੀਸ਼ ਗੁਲਾਟੀ, ਡਾ.ਦਰਸ਼ਨ ਸਿੰਘ ਬੜੀ, ਸਵਰਨਜੀਤ ਸਵੀ,  ਇੰਦਰਜੀਤ ਪਾਲ ਕੌਰਭਿੰਡਰ, ਤਰਲੋਚਨ ਸਿੰਘ ਰੰਗਕਰਮੀ, ਰਵੀਦੀਪ ਰਵੀ, ਦੀਪ ਜਗਦੀਪ, ਪ੍ਰੀਤ ਅਨਮੋਲ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਦੀਪ, ਡਾ. ਸੰਦੀਪ ਕੌਰ ਸੇਖੋਂ, ਰਛਪਾਲ ਸਿੰਘ, ਹਰੀ ਸਿੰਘ ਜਾਚਕ ਆਦਿ ਸ਼ਾਮਿਲ ਹੋਏ। ਇਸ ਮੌਕੇ ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਵਿਸ਼ੇਸ਼ ਯਾਤਰਾ ਅਧੀਨ ਭੋਪਾਲ ਤੋਂ ਆਈ ਸਿੰਧੀ ਕਵਿੱਤਰੀ ਦਰੋਪਦੀ ਚੰਦਨਾਨੀ ਨੇ ਇਸ ਇਕੱਤਰਤਾ ਵਿੱਚ ਭਾਗ ਲਿਆ ਅਤੇ ਆਪਣੀਆਂ ਰਚਨਾਵਾਂ ਸੁਣਾਈਆਂ।