ਫਿਰੋਜ਼ਪੁਰ ਤੇ ਬਠਿੰਡਾ ਤੋਂ ਕਿਸ-ਕਿਸ ਨੂੰ ਮਿਲੇਗੀ ਸੀਟ, ਮੀਟਿੰਗਾਂ ਜਾਰੀ !!!

Last Updated: Mar 15 2019 17:05

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਪਿਛਲੇ ਦਿਨੀਂ ਅਕਾਲੀ ਦਲ ਪਾਰਟੀ ਨੂੰ ਛੱਡ ਦਿੱਤਾ ਸੀ ਅਤੇ ਸ਼ੇਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦੱਸ ਦਈਏ ਕਿ ਘੁਬਾਇਆ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀਆਂ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਜਿੱਥੇ ਕੋਈ ਚੰਗਾ ਉਮੀਦਵਾਰ ਨਹੀਂ ਦਿੱਸ ਰਿਹਾ, ਉੱਥੇ ਹੀ ਬਠਿੰਡਾ ਲੋਕ ਸਭਾ ਹਲਕਾ ਤੋਂ ਕਿਸ ਨੂੰ ਸੀਟ ਦਿੱਤੀ ਜਾਵੇ, ਉਸ ਨੂੰ ਲੈ ਕੇ ਅਕਾਲੀ ਮੀਟਿੰਗਾਂ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੀਟ ਲੈਣ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਸਮੇਤ ਅੱਧੇ ਦਰਜਨ ਦੇ ਕਰੀਬ ਕਾਂਗਰਸੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਨਾਵਾਂ ਦੇ ਵਿੱਚ ਜਿੱਥੇ ਸਭ ਤੋਂ ਪਹਿਲਾਂ ਨਾਂਅ ਘੁਬਾਇਆ ਦਾ ਆਉਂਦਾ ਹੈ ਅਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਮੰਤਰੀ ਹੰਸ ਰਾਜ ਜੋਸਨ ਅਤੇ ਕਾਂਗਰਸ ਯੂਥ ਆਗੂ ਗੁਰਭੇਜ ਟਿੱਬੀ ਦੇ ਨਾਮ ਸ਼ਾਮਲ ਹਨ।

ਇਸੇ ਤਰ੍ਹਾਂ ਜੇਕਰ ਅਕਾਲੀ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ, ਵਰਦੇਵ ਸਿੰਘ ਨੋਨੀ ਮਾਨ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ ਦੇ ਨਾਮ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਟਿਕਟ ਮਿਲ ਸਕਦੀ ਹੈ। ਦੱਸ ਦਈਏ ਕਿ ਬਠਿੰਡਾ ਹਲਕੇ 'ਚ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਚੱਲ ਰਿਹਾ ਹੈ। ਬਾਕੀ ਆਉਣ ਵਾਲੇ ਦਿਨਾਂ ਵਿੱਚ ਸਭ ਸਾਫ ਹੋ ਜਾਵੇਗਾ ਕਿ ਅਕਾਲੀ ਦਲ ਅਤੇ ਕਾਂਗਰਸ ਕਿਸ-ਕਿਸ ਆਗੂ ਨੂੰ ਸੀਟਾਂ ਦਿੰਦੇ ਹਨ।