ਐੱਸ. ਆਈ. ਟੀ. ਨੇ ਖੰਘਾਲਿਆ ਪੀ. ਯੂ. ਦਾ ਰਿਕਾਰਡ

Last Updated: Mar 15 2019 15:22

ਇੰਝ ਲੱਗਦੈ ਜਿਵੇਂ ਐੱਸ. ਆਈ. ਟੀ. ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਮਗਰ ਹੱਥ ਧੋ ਕੇ ਪੈ ਚੁੱਕੀ ਹੈ। ਕੋਟਕਪੂਰਾ ਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਵਿੱਚ ਲੱਗੀ ਜਾਂਚ ਟੀਮ ਹੁਣ, ਉਮਰਾਨੰਗਲ ਦੀ ਨੌਕਰੀ ਦੀ ਫਾਈਲ ਨਾਲ ਨੱਥੀ ਵਿੱਦਿਅਕ ਸਰਟੀਫਿਕੇਟਾਂ ਦੀ ਜਾਂਚ ਵਿੱਚ ਵੀ ਜੁੱਟ ਗਈ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ, ਐੱਸ. ਆਈ. ਟੀ. ਦੇ ਕੁਝ ਇੱਕ ਮੈਂਬਰ ਉਮਰਾਨੰਗਲ ਦੀ ਵਿੱਦਿਅਕ ਯੋਗਤਾ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਦੇ ਕਰਦੇ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੇ ਸਨ, ਜਿੱਥੋਂ ਉਨ੍ਹਾਂ ਨੇ ਕੁਝ ਰਿਕਾਰਡ ਵੀ ਆਪਣੇ ਕਬਜ਼ੇ ਵਿੱਚ ਲਿਆ ਹੈ। 

ਅਧਿਕਾਰਿਤ ਤੌਰ ਤੇ ਨਾ ਹੀ ਐੱਸ. ਆਈ. ਟੀ. ਤੇ ਨਾ ਹੀ ਪੀ. ਯੂ. ਨੇ ਇਸ ਦੇ ਵੇਰਵੇ ਦਿੱਤੇ ਹਨ ਕਿ ਜਾਂਚ ਟੀਮ ਨੇ ਕਿਹੜੇ ਕਿਹੜੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ, ਪਰ ਯੂਨੀਵਰਸਿਟੀ ਦੇ ਰਜਿਸਟ੍ਰਾਰ ਮਨਜੀਤ ਸਿੰਘ ਨੇ ਐੱਸ. ਆਈ. ਟੀ. ਦੇ ਪੀ. ਯੂ. ਵਿੱਚ ਆਉਣ ਤੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈਣ ਦੀ ਪੁਸ਼ਟੀ ਜ਼ਰੂਰ ਕੀਤੀ ਹੈ। ਉਨ੍ਹਾਂ ਨੇ ਮੰਨਿਆ ਕਿ ਜਾਂਚ ਟੀਮ ਨੇ ਜਿਹੜੀਆਂ ਵੀ ਜਾਣਕਾਰੀਆਂ ਮੰਗੀਆਂ ਸਨ, ਉਹ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। 

ਜੇਕਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਉਮਰਾਨੰਗਲ ਦੀ ਵਿੱਦਿਅਕ ਯੋਗਤਾ ਵਿੱਚ ਖ਼ਾਮੀਆਂ ਹੋਣ ਦਾ ਮੁੱਦਾ ਸਾਲ 2004 ਵਿੱਚ ਵੀ ਸਾਹਮਣੇ ਆਇਆ ਸੀ। ਜਾਣਕਾਰਾਂ ਦੀ ਮੰਨੀਏ ਤਾਂ ਉਮਰਾਨੰਗਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਸ਼ਨ ਕੀਤੀ ਸੀ ਤੇ ਉਨ੍ਹਾਂ ਨੇ ਪੀ. ਯੂ. ਵਿੱਚ ਦੇ ਹੀ ਕਾਨੂੰਨ ਵਿਭਾਗ ਵਿੱਚ ਵੀ ਦਾਖ਼ਲਾ ਲਿਆ ਸੀ, ਪਰ ਕਨੂੰਨ ਦੀ ਪੜਾਈ ਉਹ ਅੱਧ-ਵਿਚਕਾਰ ਹੀ ਛੱਡ ਗਏ ਸਨ।