ਜਾਖੜ ਹੀ ਹੋ ਸਕਦੈ ਗੁਰਦਾਸਪੁਰ ਤੋਂ ਕਾਂਗਰਸ ਦਾ ਉਮੀਦਵਾਰ !!!

Last Updated: Mar 15 2019 13:21

ਲੋਕਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਭਾਵੇਂ ਕਿ ਮੌਜੂਦਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਚੇਅਰਮੈਨ ਅਮਰਦੀਪ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਟਿਕਟ ਲਈ ਅਪਲਾਈ ਕੀਤਾ ਗਿਆ ਹੈ ਤੇ ਸੇਖੜੀ ਤੋਂ ਇਲਾਵਾ ਬਾਕੀ ਬਾਜਵਾ ਅਤੇ ਚੀਮਾ ਵੱਲੋਂ ਤਾਂ ਦਿੱਲੀ ਹਾਈਕਮਾਨ ਤੱਕ ਵੀ ਟਿਕਟ ਲੈਣ ਲਈ ਪਹੁੰਚ ਕੀਤੀ ਗਈ ਦੱਸੀ ਜਾ ਰਹੀ ਹੈ।

ਜੇਕਰ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਉਨ੍ਹਾਂ ਦੇ ਹੱਕ ਵਿੱਚ ਜੋ ਗੱਲ ਜਾ ਰਹੀ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਪਿੱਠ ਤੇ ਚੱਟਾਨ ਵਾਂਗ ਖੜੇ ਹਨ ਤੇ ਇਹ ਚਰਚਾਵਾਂ ਹਨ ਕਿ ਕੈਪਟਨ ਇਸ ਕਰਕੇ ਜਾਖੜ ਦੀ ਹਮਾਇਤ ਡੱਟ ਕੇ ਕਰਦੇ ਦਿਖਾਈ ਦੇ ਰਹੇ ਹਨ ਕਿਉਂਕਿ ਉਹ ਆਪਣੇ ਸਿਆਸੀ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਨੂੰ ਉਸ ਦੀ ਅਸਲੀ ਜਗ੍ਹਾ ਵਿਖਾਉਣਾ ਚਾਹੁੰਦੇ ਹਨ ਕਿਉਂਕਿ ਬਾਜਵਾ ਵੱਲੋਂ ਕੈਪਟਨ ਦਾ ਬੀਤੇ ਸਮਿਆਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਰਿਹਾ ਹੈ। ਜੇਕਰ ਵੇਖਿਆ ਜਾਵੇ ਤਾਂ ਜਿਸ ਨੇ ਵੀ ਕੈਪਟਨ ਦਾ ਵਿਰੋਧ ਕੀਤਾ ਹੈ ਸਮਾਂ ਮਿਲਣ ਤੇ ਕੈਪਟਨ ਖੇਮੇ ਵੱਲੋਂ ਉਸ ਲੀਡਰ ਨੂੰ ਸਿਆਸੀ ਤੌਰ ਤੇ ਨੁੱਕਰੇ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਤੇ ਸ਼ਾਇਦ ਬਾਜਵਾ ਨਾਲ ਵੀ ਅਜਿਹਾ ਹੀ ਹੁੰਦਾ ਪ੍ਰਤੀਤ ਹੋ ਰਿਹਾ ਹੈ।

ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਵੀ ਹਾਈਕਮਾਨ ਤੱਕ ਪਹੁੰਚ ਕਰਕੇ ਆਪਣੇ ਆਪ ਨੂੰ ਜ਼ਿਲ੍ਹੇ ਦੀ ਸਿਆਸਤ ਵਿੱਚ ਜਿੰਦਾ ਰੱਖਣ ਦੇ ਮਕਸਦ ਨਾਲ ਇਸ ਵਾਰ ਟਿਕਟ ਲੈਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਨਗੇ ਤੇ ਜੇਕਰ ਟਿਕਟ ਨਾ ਲੈ ਸਕੇ ਤਾਂ ਰਾਜ ਸਭਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਉਹ ਜ਼ਿਲ੍ਹੇ ਦੀ ਸਿਆਸਤ ਵਿੱਚੋਂ ਹੀ ਆਊਟ ਹੋ ਜਾਣ ਕਿਉਂਕਿ ਜਿਸ ਵਿਧਾਨ ਸਭਾ ਹਲਕੇ ਤੋਂ ਉਹ ਚੋਣ ਲੜਦੇ ਆ ਰਹੇ ਸਨ ਉਸ ਹਲਕੇ ਤੋਂ ਇਸ ਵਾਰ ਉਨ੍ਹਾਂ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਨੇ ਚੋਣ ਲੜੀ ਸੀ ਤੇ ਜਿੱਤ ਦਰਜ ਕਰਵਾਈ ਸੀ ਤੇ ਸੂਚਨਾ ਮਿਲੀ ਹੈ ਕਿ ਫਤਿਹਜੰਗ ਬਾਜਵਾ ਹੁਣ ਆਪਣਾ ਹਲਕਾ ਕਿਸੇ ਵੀ ਕੀਮਤ ਤੇ ਨਹੀਂ ਛੱਡਣਗੇ।

ਜਿਸਦੇ ਚਲਦਿਆਂ ਪ੍ਰਤਾਪ ਸਿੰਘ ਬਾਜਵਾ ਲਈ ਲੋਕਸਭਾ ਦੀ ਟਿਕਟ ਲੈਣਾ ਜ਼ਿਲ੍ਹੇ ਦੀ ਸਿਆਸਤ ਵਿੱਚ ਜਿੰਦਾ ਰਹਿਣ ਲਈ ਅਤੀ ਜ਼ਰੂਰੀ ਹੈ। ਇਸ ਦੇ ਇਲਾਵਾ ਜੇਕਰ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੀ ਗੱਲ ਕਰੀਏ ਤਾਂ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਇਸ ਨੌਜਵਾਨ ਆਗੂ ਨੂੰ ਪਾਰਟੀ ਨੇ ਪਹਿਲਾਂ ਹੀ ਪੰਜਾਬ ਦੀ ਵੱਡੀ ਤੇ ਵੱਕਾਰੀ ਚੇਅਰਮੈਨੀ ਦੇ ਕੇ ਨਵਾਜ਼ਿਆ ਹੋਇਆ ਹੈ। ਤਾਜ਼ਾ ਸੂਚਨਾਵਾਂ ਅਤੇ ਜ਼ਿਲ੍ਹੇ ਦੇ ਕੈਪਟਨ ਖੇਮੇ ਦੀ ਲੀਡਰਾਂ ਤੋਂ ਮਿਲੀ ਫੀਡਬੈਕ ਤੋਂ ਇਹ ਲੱਗਦਾ ਹੈ ਕਿ ਇਸ ਲੋਕਸਭਾ ਚੋਣਾਂ ਲਈ ਜਾਖੜ ਦੇ ਨਾਂਅ ਤੇ ਲਗਭਗ ਮੋਹਰ ਲੱਗ ਹੀ ਚੁੱਕੀ ਹੈ ਤੇ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਬਾਕੀ ਸਿਆਸਤ ਦੀ ਤਿਲਕਣਬਾਜ਼ੀ ਵਿੱਚ ਕੌਣ ਕਿਸ ਨੂੰ ਪਛਾੜ ਕੇ ਬਾਜ਼ੀ ਮਾਰ ਜਾਵੇ ਤੇ ਕਿਸੇ ਵੀ ਮੁਕਾਮ ਤੇ ਪਹੁੰਚਿਆਂ ਲੀਡਰ ਕਿਸ ਵੇਲੇ ਤਿਲਕ ਕੇ ਖੂੰਜੇ ਜਾ ਲੱਗੇ ਇਹ ਵੀ ਪਤਾ ਨਹੀਂ ਲਗਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।