ਕੈਬਨਿਟ ਮੰਤਰੀ ਰੰਧਾਵਾ ਦੀ ਪਹਿਲਕਦਮੀ, ਡੇਰਾ ਬਾਬਾ ਨਾਨਕ ਵਿੱਚ ਇਹ ਦੁਕਾਨਾਂ ਹੋਣਗੀਆਂ ਬੰਦ

Last Updated: Mar 15 2019 13:05

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਆਪਣੇ ਧਾਕੜ ਸੁਭਾਅ ਕਰਕੇ ਪੰਜਾਬ ਦੀ ਸਿਆਸਤ ਵਿੱਚ ਜਾਣੇ ਜਾਂਦੇ ਹਨ ਬੜੇ ਹੀ ਨੇਕਦਿਲ ਇਨਸਾਨ ਹਨ ਤੇ ਇੱਕ ਪੂਰਨ ਗੁਰਸਿੱਖ ਹੋਣ ਕਰਕੇ ਹਰ ਵੇਲੇ ਸਿੱਖ ਕੌਮ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵੀ ਸਮੇਂ ਸਮੇਂ ਤੇ ਕਾਰਜ ਕਰ ਰਹੇ ਹਨ ਤੇ ਪਵਿੱਤਰ ਅਤੇ  ਇਤਿਹਾਸਕ ਸ਼ਹਿਰਾਂ ਦੀ ਦਿੱਖ ਸੰਵਾਰਨ ਲਈ ਵੀ ਯਤਨਸ਼ੀਲ ਹਨ। ਇਸੇ ਕੜੀ ਤਹਿਤ ਹੀ ਹੁਣ ਕੈਬਨਿਟ ਮੰਤਰੀ ਰੰਧਾਵਾ ਦੇ ਸੁਹਿਰਦ ਯਤਨਾਂ ਸਦਕਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਪੁੱਤਰ ਮਹਾਨ ਯੋਗੀਰਾਜ ਭਗਵਾਨ ਸ੍ਰੀ ਚੰਦ ਜੀ ਦੀ ਚਰਣਛੋਹ ਪ੍ਰਾਪਤ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ 1 ਅਪ੍ਰੈਲ ਤੋਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਨੂੰ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਮੁਤਾਬਕ ਨਗਰ ਕੌਂਸਲ ਵੱਲੋਂ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਜਿਸਨੂੰ ਪ੍ਰਵਾਨ ਕਰਦਿਆਂ ਸਰਕਾਰ ਦੇ ਆਦੇਸ਼ ਹੋ ਚੁੱਕੇ ਹਨ ਤੇ ਹੁਣ 1 ਅਪ੍ਰੈਲ 2019 ਤੋਂ ਕੋਈ ਵੀ ਮੀਟ ਅਤੇ ਸ਼ਰਾਬ ਦੀ ਦੁਕਾਨ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਨਹੀਂ ਦਿਖਾਈ ਦੇਵੇਗੀ। ਇਸ ਸਬੰਧੀ ਕੈਬਨਿਟ ਮੰਤਰੀ ਰੰਧਾਵਾ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਇੱਕ ਇਸ਼ਤਿਹਾਰ ਪਾ ਕੇ ਜਾਣਕਾਰੀ ਦਿੱਤੀ ਹੈ। ਇਸ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਸਮੂਹ ਇਲਾਕਾ ਵਾਸੀਆਂ ਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਡੇਰਾ ਬਾਬਾ ਨਾਨਕ ਮਿਤੀ 1 ਅਪ੍ਰੈਲ 2019 ਤੋਂ ਸ਼ਰਾਬ ਮੁਕਤ ਹੋਣ ਜਾ ਰਹੀ ਹੈ।