ਕਿਤੇ ਹਾਰੇ ਜਰਨੈਲਾਂ ਦੀ ਲੜਾਈ ਤਾਂ ਨਹੀਂ ਪੰਜਾਬ ਲੋਕ ਸਭਾ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 15 2019 13:04

ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਗਰਮੀ ਫੜ ਰਿਹਾ ਹੈ ਅਤੇ ਜਿਸ ਹਿਸਾਬ ਨਾਲ ਵਿਧਾਇਕੀ ਹਾਰੇ ਆਗੂਆਂ ਦੇ ਨਾਮ ਟਿਕਟ ਦਾਅਵੇਦਾਰਾਂ ਵਿੱਚ ਸਾਹਮਣੇ ਆ ਰਹੇ ਹਨ ਉਸ ਹਿਸਾਬ ਨਾਲ ਇਹ ਹਾਰੇ ਜਰਨੈਲਾਂ ਦੀ ਲੜਾਈ ਬਣ ਰਿਹਾ ਜਾਪਦਾ ਹੈ। ਅਕਾਲੀ ਦਲ ਵੱਲੋਂ ਖਡੂਰ ਸਾਹਿਬ ਤੋਂ ਬੀਬੀ ਜਾਗੀਰ ਕੌਰ ਅਤੇ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਦੋਵੇਂ ਹੀ ਆਪਣੀ ਵਿਧਾਇਕੀ ਹਾਰੇ ਹੋਏ ਹਨ। ਇਸੇ ਤਰ੍ਹਾਂ ਪਾਰਟੀ ਦੇ ਹੋਰ ਮੋਹਰੀ ਦਾਅਵੇਦਾਰਾਂ ਵਿੱਚ ਫ਼ਤਿਹਗੜ੍ਹ ਤੋਂ ਜਸਟਿਸ ਨਿਰਮਲ ਸਿੰਘ, ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ, ਫ਼ਰੀਦਕੋਟ ਤੋਂ ਜੋਗਿੰਦਰ ਪੰਜਗਰਾਈਂ ਆਦਿ ਸਭ ਨੇ ਵਿਧਾਇਕ ਦੀ ਚੋਣ ਹਾਰੀ ਹੈ। ਇਸੇ ਤਰ੍ਹਾਂ ਫ਼ਰੀਦਕੋਟ ਤੋਂ ਹੀ ਦਾਅਵੇਦਾਰ ਬੀਬੀ ਪਰਮਜੀਤ ਕੌਰ ਗੁਲਸ਼ਨ, ਲੁਧਿਆਣਾ ਦੇ ਦਾਅਵੇਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਆਦਿ ਵੀ ਪਿਛਲੀਆਂ ਲੋਕ ਸਭਾ ਵਿੱਚ ਹਾਰੇ ਹੋਏ ਹਨ।

ਇਸੇ ਤਰ੍ਹਾਂ ਜੇਕਰ ਕਾਂਗਰਸ ਨੂੰ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸੁਨੀਲ ਜਾਖੜ ਦਾ ਜੋ ਕਿ ਜਿਮਨੀ ਚੋਣ ਵਿੱਚ ਭਾਵੇਂ ਸਾਂਸਦ ਬਣ ਗਏ ਪਰ ਉਹ ਵੀ ਪਿਛਲੀ ਵਿਧਾਨ ਸਭਾ ਚੋਣ ਹਾਰੇ ਹਨ। ਇਸੇ ਤਰ੍ਹਾਂ ਹੋਰ ਦਾਅਵੇਦਾਰਾਂ ਵਿੱਚ ਫ਼ਰੀਦਕੋਟ ਦੇ ਦਾਅਵੇਦਾਰ ਮੁਹੰਮਦ ਸਦੀਕ, ਬਠਿੰਡਾ ਤੋਂ ਸੰਭਾਵੀ ਦਾਅਵੇਦਾਰ ਰਾਜਿੰਦਰ ਕੌਰ ਭੱਠਲ, ਸੰਗਰੂਰ ਤੋਂ ਦਾਅਵੇਦਾਰ ਕੇਵਲ ਸਿੰਘ ਢਿੱਲੋਂ ਆਦਿ ਸਭ ਪਿਛਲੀ ਵਿਧਾਨ ਸਭਾ ਚੋਣ ਹਾਰੇ ਹਨ ਜਦਕਿ ਪਟਿਆਲਾ ਤੋਂ ਦਾਅਵੇਦਾਰ ਮਹਾਰਾਣੀ ਪ੍ਰਨੀਤ ਕੌਰ ਨੇ ਪਿਛਲੀ ਲੋਕ ਸਭਾ ਵਿੱਚ ਹਾਰ ਹਾਸਿਲ ਕੀਤੀ ਹੈ। ਅਜਿਹੇ ਦੇ ਵਿੱਚ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਪਿਛਲੀਆਂ ਚੋਣਾਂ ਹਾਰੇ ਹੋਏ ਉਮੀਦਵਾਰਾਂ ਨੂੰ ਲੋਕ ਸਭਾ ਦੇ ਉਮੀਦਵਾਰ ਬਣਾਉਣਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਹਾਰੇ ਹੋਏ ਜਰਨੈਲਾਂ ਦੀ ਲੜਾਈ ਵੀ ਬਣਾ ਸਕਦਾ ਹੈ। ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਵਿੱਚੋਂ ਕਿੰਨੇ ਹਾਰੇ ਹੋਏ ਜਰਨੈਲਾਂ ਨੂੰ ਟਿਕਟ ਮਿਲਦੀ ਹੈ ਅਤੇ ਇਸਦੇ ਬਾਅਦ ਕਿੰਨੇ ਇਸ ਨੂੰ ਜਿੱਤ ਵਿੱਚ ਤਬਦੀਲ ਕਰਦੇ ਹਨ।