ਨਵਜੋਤ ਸਿੱਧੂ ਦੀਆਂ ਮੁੜ ਸੇਵਾਵਾਂ ਲਵੇਗੀ ਕਾਂਗਰਸ, ਕਰਨਗੇ ਵੱਖ-ਵੱਖ ਸੂਬਿਆਂ ਵਿੱਚ ਚੋਣ ਪ੍ਰਚਾਰ

Last Updated: Mar 15 2019 12:53

ਤੇਜ਼ ਤਰਾਰ ਸਾਬਕਾ ਕ੍ਰਿਕੇਟਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਪਿਛਲੇ ਸਾਲ ਹੋਈਆਂ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਗਿਆ ਸੀ ਤੇ ਸਿੱਧੂ ਵੱਲੋਂ ਵੀ ਆਪਣੀ ਜਿੰਮੇਵਾਰੀ ਨੂੰ ਬਖ਼ੂਬੀ ਨਿਭਾਉਂਦਿਆਂ ਹੋਇਆਂ ਧੂੰਆਂਧਾਰ ਪ੍ਰਚਾਰ ਕੀਤਾ ਗਿਆ ਸੀ ਤੇ ਜਿਸ ਦਾ ਨਤੀਜਾ ਤਿੰਨ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਸੀ ਜਿਸ ਤੋਂ ਬਾਅਦ ਸਿੱਧੂ ਦਾ ਪਾਰਟੀ ਵਿੱਚ ਸਿਆਸੀ ਕੱਦ ਕਾਫੀ ਉੱਚਾ ਹੁੰਦਾ ਗਿਆ ਸੀ ਤੇ ਇਸ ਕਰਕੇ ਹੀ ਸ਼ਾਇਦ ਉਨ੍ਹਾਂ ਦੀ ਪੰਜਾਬ ਵਿੱਚ ਪਾਰਟੀ ਅੰਦਰ ਹੀ ਮੁਖ਼ਾਲਫ਼ਤ ਵੀ ਹੋਈ ਸੀ। ਪਰ ਸਿੱਧੂ ਨੇ ਕਦੇ ਵੀ ਕਿਸੇ ਗੱਲ ਦੀ ਪ੍ਰਵਾਹ ਨਹੀਂ ਸੀ ਕੀਤੀ ਤੇ ਆਪਣੇ ਸਟੈਂਡ ਦੇ ਅਡਿੱਗ ਰਹਿੰਦਿਆਂ ਹੋਇਆਂ ਪਾਰਟੀ ਲਈ ਕੰਮ ਕਰਦੇ ਰਹੇ ਸਨ।

ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਿੱਧੂ ਦੀ ਆਪਣੇ ਮੁੱਖ ਮੰਤਰੀ ਨਾਲ ਨਹੀਂ ਸੀ ਬਣੀ ਜਿਸ ਤੋਂ ਬਾਅਦ ਭਾਵੇਂ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਖੇਮੇ ਵੱਲੋਂ ਬਥੇਰਾ ਸਿੱਧੂ ਨੂੰ ਸਿਆਸੀ ਤੌਰ ਤੇ ਨੁੱਕਰੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਪਾਰਟੀ ਹਾਈਕਮਾਨ ਨਾਲ ਆਪਣੇ ਨੇੜੇ ਦੇ ਰਿਸ਼ਤੇ ਬਣਾ ਲਏ ਜਾਣ ਕਰਕੇ ਹਰ ਵਾਰ ਹੀ ਸਿੱਧੂ ਵਿਰੋਧੀਆਂ ਨੂੰ ਪਟਕਣੀ ਦੇ ਦਿੰਦੇ ਰਹੇ ਹਨ। ਪਰ ਪਿਛਲੇ ਦਿਨੀਂ ਹੋਈ ਰਾਹੁਲ ਗਾਂਧੀ ਦੀ ਮੋਗਾ ਰੈਲੀ ਵਿੱਚ ਜਿਸ ਤਰ੍ਹਾਂ ਸਿੱਧੂ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਸੀ ਦਿੱਤਾ ਗਿਆ ਉਸ ਤੋਂ ਲੱਗਣ ਲੱਗ ਪਿਆ ਸੀ ਕਿ ਕੈਪਟਨ ਖੇਮੇ ਨੇ ਸਿੱਧੂ ਨੂੰ ਆਖ਼ਿਰ ਢਾਹ ਹੀ ਲਿਆ ਹੈ ਜਿਸ ਤੋਂ ਬਾਅਦ ਸਿੱਧੂ ਦੀ ਵੀ ਅਖ਼ਬਾਰਾਂ ਵਿੱਚ ਮਾਯੂਸੀ ਵਾਲੀ ਪ੍ਰਤੀਕਿਰਿਆ ਆਈ ਸੀ। ਪਰ ਹੁਣ ਇੱਕ ਵਾਰ ਫੇਰ ਜਦੋਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸਾ ਕੁਮਾਰੀ ਨੇ ਕਹਿ ਦਿੱਤਾ ਹੈ ਕਿ ਪਾਰਟੀ ਵੱਲੋਂ ਸਿੱਧੂ ਦੀਆਂ ਸੇਵਾਵਾਂ ਪਾਰਲੀਮਾਨੀ ਚੋਣਾਂ ਵਿੱਚ ਵੱਖ-ਵੱਖ ਸੂਬਿਆਂ ਵਿੱਚ ਵੀ ਪ੍ਰਚਾਰ ਲਈ ਲਈਆਂ ਜਾ ਸਕਦੀਆਂ ਹਨ ਨੇ ਇੱਕ ਵਾਰ ਫੇਰ ਦਰਸਾ ਦਿੱਤਾ ਹੈ ਕਿ ਸਿੱਧੂ ਦੀ ਕਾਬਲੀਅਤ ਨੂੰ ਕਿਸੇ ਦੇ ਨਿਜੀ ਵੈਰ ਵਿਰੋਧ ਅਤੇ ਨੀਵਾਂ ਵਿਖਾਉਣ ਦੀ ਭਾਵਨਾ ਨੂੰ ਲੈ ਕੇ ਪਾਰਟੀ ਅਣਗੌਲਿਆ ਨਹੀਂ ਕਰ ਸਕਦੀ।

ਇਹ ਵੀ ਚਰਚਾ ਹੈ ਕਿ ਜੋ ਲੋਕ ਸਿੱਧੂ ਦਾ ਵਿਰੋਧ ਪਾਰਟੀ ਵਿੱਚ ਰਹਿ ਕੇ ਕਰ ਰਹੇ ਹਨ ਕੀ ਉਨ੍ਹਾਂ ਵਿੱਚ ਇੰਨੀ ਕਾਬਲੀਅਤ ਹੈ ਕਿ ਉਹ ਦੂਜੇ ਰਾਜਾਂ ਵਿੱਚ ਜਾ ਕੇ ਪ੍ਰਚਾਰ ਕਰਕੇ ਲੋਕਾਂ ਨੂੰ ਬੰਨ੍ਹ ਸਕਣ ਤੇ ਵੋਟਾਂ ਪਾਰਟੀ ਦੇ ਹੱਕ ਵਿੱਚ ਤਬਦੀਲ ਕਰਵਾ ਸਕਣ। ਜੇਕਰ ਕੋਈ ਲੀਡਰ ਅਜਿਹਾ ਨਹੀਂ ਕਰ ਸਕਦਾ ਤਾਂ ਸਿੱਧੂ ਦਾ ਵਿਰੋਧ ਕਰਨਾ ਵੀ ਕਿੰਨਾ ਕੁ ਮੁਨਾਸਿਬ ਹੈ ਅਜਿਹੇ ਲੀਡਰਾਂ ਵਾਸਤੇ ਇਹ ਪਾਰਟੀ ਅਤੇ ਸਬੰਧਿਤ ਖੇਮੇ ਦੇ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਹੈ। ਸਿੱਧੂ ਦੀ ਸ਼ਖ਼ਸੀਅਤ ਦੀ ਜੇਕਰ ਗੱਲ ਕਰੀਏ ਤਾਂ ਉਹ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਰਹਿਣ ਕਰਕੇ ਪਹਿਲਾਂ ਹੀ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਹਨ ਅਤੇ ਬਾਅਦ ਵਿੱਚ ਫ਼ਿਲਮਾਂ ਵਿੱਚ ਅਤੇ ਟੀਵੀ ਸੋਅਜ਼ ਵਿੱਚ ਰਹਿਣ ਕਰਕੇ ਵੀ ਲੋਕ ਉਨ੍ਹਾਂ ਨੂੰ ਵੇਖਣਾ ਅਤੇ ਸੁਣਨਾ ਪਸੰਦ ਕਰਦੇ ਹਨ, ਇੱਕ ਹੋਰ ਕਾਰਣ ਜੋ ਸਿੱਧੂ ਦੇ ਹੱਕ ਵਿੱਚ ਸਭ ਤੋਂ ਵੱਧ ਜਾਂਦਾ ਹੈ ਉਹ ਇਹ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਪਹਿਲ ਵੀ ਸਿੱਧੂ ਰਾਹੀਂ ਹੀ ਹੋਈ ਹੈ ਇਹ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਪਰ ਸਿੱਧੂ ਦੇ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਅਜਿਹੇ ਵਿੱਚ ਪੰਜਾਬ ਦੀਆਂ 13 ਸੀਟਾਂ ਅਤੇ ਗੁਆਂਢੀ ਰਾਜ਼ਾਂ ਦੀਆਂ ਸੀਟਾਂ ਜਿੱਤਣ ਲਈ ਵੀ ਸਿੱਧੂ ਨੂੰ ਪਾਰਟੀ ਵੱਲੋਂ ਮੁੜ ਸ਼ਾਬਾਸ਼ੀ ਦਿੱਤੀ ਜਾ ਸਕਦੀ ਹੈ ਅਜਿਹੀਆਂ ਸੂਚਨਾਵਾਂ ਮਿਲ ਰਹੀਆਂ ਹਨ ਤੇ ਅਜਿਹਾ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਕਾਬਲੀਅਤ ਕਰਕੇ ਹੀ ਹੁੰਦਾ ਪ੍ਰਤੀਤ ਹੋ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।