ਫੂਡ ਬਿਜ਼ਨਸ ਅਪਰੇਟਰਾਂ ਨੂੰ 15 ਮਾਰਚ ਤੋਂ ਫੂਡ ਸੇਫ਼ਟੀ ਸਬੰਧੀ ਟਰੇਨਿੰਗ ਦੇਵੇਗੀ ਪੰਜਾਬ ਸਰਕਾਰ - ਜ਼ਿਲ੍ਹਾ ਸਿਹਤ ਅਫ਼ਸਰ

Last Updated: Mar 14 2019 19:51

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੰਗੀ ਸਿਹਤ ਅਤੇ ਚੰਗੀ ਸੋਚ ਅਧੀਨ ਰੋਜ਼ਾਨਾ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਕੁਆਲਿਟੀ ਵਿੱਚ ਹੋਰ ਸੁਧਾਰ ਲਿਆਉਣ ਦੇ ਇਰਾਦੇ ਨਾਲ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਸ. ਕਾਹਨ ਸਿੰਘ ਪੰਨੂ ਵੱਲੋਂ 15 ਮਾਰਚ ਤੋਂ ਫੂਡ ਸੇਫ਼ਟੀ ਐਕਟ ਅਧੀਨ ਦੁਕਾਨਦਾਰਾਂ ਨੂੰ ਐੱਫ.ਐੱਸ.ਐੱਸ.ਏ.ਆਈ. ਵੱਲੋਂ ਪ੍ਰਵਾਨਿਤ ਫੂਡ ਬਿਜ਼ਨਸ ਟਰੇਨਿੰਗ ਪਾਰਟਨਰਸ ਤੋਂ ਸਪੈਸ਼ਲ ਟਰੇਨਿੰਗ ਦਿਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸੇ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਗੁਰਦਾਸਪੁਰ ਡਾ. ਅਮਨਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਇਸ ਟਰੇਨਿੰਗ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਰੂਪ-ਰੇਖਾ ਤਿਆਰ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਹਰੇਕ ਦੁਕਾਨਦਾਰ, ਹੋਟਲ, ਰੈਸਟੋਰੈਂਟ, ਕਰਿਆਨਾ ਮਰਚੈਂਟ, ਡਿਸਟ੍ਰੀਬਿਊਟਰ, ਡੇਅਰੀ, ਹਲਵਾਈ, ਹਸਪਤਾਲ, ਸਕੂਲ-ਕਾਲਜਾਂ ਆਦਿ ਵਿੱਚ ਚੱਲਦੀਆਂ ਮੈੱਸਾਂ-ਕੰਨਟੀਨਾਂ, ਕੈਮਿਸਟ ਸ਼ਾਪ, ਦੋਧੀ, ਹਰ ਤਰ੍ਹਾਂ ਦੇ ਫੂਡ ਮੈਨੂਫੈਕਚਰਜ਼, ਵੇਰਕਾ ਅਤੇ ਅਮੂਲ ਆਦਿ ਦੇ ਬੂਥਾਂ, ਫੂਡ ਚੈਨਜ਼, ਵੇਅਰ ਹਾਊਸਾਂ, ਬੇਕਰੀਆਂ ਅਤੇ ਸਲਾਉਟਰ ਹਾਊਸ ਆਦਿ ਸਭ ਨੂੰ ਟਰੇਨਿੰਗ ਲੈਣਾ ਅਤੇ ਫੂਡ ਸੇਫ਼ਟੀ ਲਾਇਸੈਂਸ ਜਾਂ ਰਜਿਸਟਰੇਸ਼ਨ ਲੈਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਸਿਹਤ ਅਫ਼ਸਰ ਗੁਰਦਾਸਪੁਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਸੁਪਰਵਾਈਜ਼ਰ ਦਾ ਦਰਜ਼ਾ ਦੇਣ ਤਹਿਤ 15 ਮਾਰਚ ਤੋਂ ਹਲਵਾਈ, ਕਰਿਆਨਾ, ਦੁੱਧ, ਡੇਅਰੀ ਉਤਪਾਦ, ਸਬਜ਼ੀ ਵਿਕਰੇਤਾ, ਹੋਟਲਾਂ-ਰੈਸਟੋਰੈਂਟਾਂ ਵਾਲਿਆਂ ਅਤੇ ਕਿਸੇ ਵੀ ਪ੍ਰਕਾਰ ਦਾ ਫੂਡ ਬਿਜ਼ਨਸ ਕਰਨ ਵਾਲੇ ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਕਾਨੂੰਨ ਅਧੀਨ ਟਰੇਨਿੰਗ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਾਰੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਟਰੇਨਿੰਗ ਦੇਣ ਲਈ "ਅੰਬਿਕਾ ਕਾਰਡਜ਼" ਅੰਮ੍ਰਿਤਸਰ ਨਾਮਕ ਫ਼ਰਮ ਨਾਲ ਇਕਰਾਰ ਕੀਤਾ ਗਿਆ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਦੇ ਦੁਕਾਨਦਾਰਾਂ ਨੂੰ ਐੱਫ.ਐੱਸ.ਐੱਸ.ਏ.ਆਈ. ਵੱਲੋਂ ਪ੍ਰਵਾਨਿਤ ਫੂਡ ਬਿਜ਼ਨਸ ਟਰੇਨਿੰਗ ਪਾਰਟਨਰਸ ਤੋਂ ਸਪੈਸ਼ਲ ਟਰੇਨਿੰਗ ਲੈਣ ਬਦਲੇ ਸਰਕਾਰੀ ਫ਼ੀਸ ਦੇ ਤੌਰ `ਤੇ 600 ਰੁਪਏ ਜੀ.ਐੱਸ.ਟੀ. ਸਹਿਤ ਅਦਾ ਕਰਨੇ ਪੈਣਗੇ। ਕਾਰੋਬਾਰੀਆਂ ਨੂੰ ਵਧੀਆ ਕੁਆਲਿਟੀ ਦੀਆਂ ਵਸਤੂਆਂ ਦਾ ਉਤਪਾਦ ਅਤੇ ਵਿੱਕਰੀ ਯਕੀਨੀ ਬਣਾਉਣ ਲਈ ਇਹ ਟਰੇਨਿੰਗ ਬਹੁਤ ਹੀ ਸਹਾਇਕ ਸਾਬਿਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਟਰੇਨਿੰਗ ਦੇਣ ਲਈ ਕੰਪਨੀ ਦੇ ਨੁਮਾਇੰਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਬਕਾਇਦਾ ਕੈਂਪ ਲਗਾ ਕੇ ਕਾਰੋਬਾਰੀਆਂ ਨੂੰ ਫੂਡ ਸੇਫ਼ਟੀ ਐਕਟ ਦੇ ਤਹਿਤ ਟਰੇਨਿੰਗ ਦੇਣਗੇ ਅਤੇ ਕਾਰੋਬਾਰੀਆਂ ਨੂੰ ਚੰਗੀ ਕੁਆਲਿਟੀ ਦਾ ਫੂਡ ਬਣਾਉਣ ਅਤੇ ਵੇਚਣ ਵਿੱਚ ਹੁਨਰਮੰਦ ਬਣਾਉਣਗੇ।