ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਧੂ ਵੱਲੋਂ ਬਣਾਏ ਜਾਣ ਵਾਲੇ ਕਾਊਟਿੰਗ ਕੇਂਦਰਾਂ ਤੇ ਸਟਰਾਂਗ ਰੂਮਾਂ ਦਾ ਦੌਰਾ

Last Updated: Mar 14 2019 19:28

ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਗੁਰਦਾਸਪੁਰ ਲੋਕ ਸਭਾ ਚੋਣ 2019 ਦੇ ਲਈ ਬਣਾਏ ਗਏ ਕਾਊਟਿੰਗ ਸੈਂਟਰਾਂ ਤੇ ਸਟਰਾਂਗ ਰੂਮਾਂ ਦੀ ਸੁਰੱਖਿਆ ਸਮੇਤ ਹੋਰ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ, ਗੁਰਸਿਮਰਨ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਅਰਵਿੰਦਰਪਾਲ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਰਾਜਵਿੰਦਰ ਕੋਰ ਏ.ਈ.ਟੀ.ਸੀ, ਚੇਅਰਮੈਨ ਸੁਖਜਿੰਦਰ ਸਿੰਘ ਗਿੱਲ, ਸ. ਮਨਜਿੰਦਰ ਸਿੰਘ ਚੋਣ ਕਾਨੂੰਗੋ, ਨਿਰਮਲ ਸਿੰਘ ਐਸ.ਡੀ.ਓ ਪੀ.ਡਬਲਿਊ.ਡੀ ਤੇ ਬਟਾਲਾ ਤੇ ਗੁਰਦਾਸਪੁਰ ਦੇ ਪੁਲਿਸ ਅਧਿਕਾਰੀ ਹਾਜ਼ਰ ਸਨ।

ਸ. ਸੰਧੂ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ਾਂ 'ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਚੋਣ ਲਈ ਗੁਰਦਾਸਪੁਰ ਦੇ 6 ਹਲਕਿਆਂ ਦੇ ਕਾਊਟਿੰਗ ਤੇ ਸਟਰਾਂਗ ਰੂਮ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਬਣਾਏ ਗਏ ਹਨ ਤੇ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਕਾਊਟਿੰਗ ਸੈਂਟਰ ਪਠਾਨਕੋਟ ਵਿਖੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ, ਬਟਾਲਾ, ਕਾਦੀਆਂ, ਡੇਰਾ ਬਾਬਾ ਨਾਨਕ ਤੇ ਫ਼ਤਿਹਗੜ੍ਹ ਚੂੜੀਆਂ ਹਨ ਅਤੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐਮਜ਼ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਜਿਨ੍ਹਾਂ ਸਟਰਾਂਗ ਰੂਮਾਂ ਵਿੱਚ ਰੱਖੀਆਂ ਜਾਣੀਆਂ ਹਨ ਅਤੇ ਵੋਟਾਂ ਦੀ ਗਿਣਤੀ ਲਈ ਕਾਊਟਿੰਗ ਕੇਂਦਰ ਬਣਾਏ ਜਾਣਕਮਰੇ, ਅੰਦਰ-ਬਾਹਰ ਦੇ ਰਸਤੇ ਆਦਿ ਦਾ ਅੱਜ ਜਾਇਜ਼ਾ ਲਿਆ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਹਲਕੇ ਭੋਆ, ਸੁਜਾਨਪੁਰ ਤੇ ਪਠਾਨਕੋਟ ਹਲਕਿਆਂ ਦੀ ਈ.ਵੀ.ਐਮਜ਼ ਦੇ ਸਥਾਨ ਪਠਾਨਕੋਟ ਵਿਖੇ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਪੀ.ਡਬਲਿਊ.ਡੀ. ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਬਣਨ ਵਾਲੇ ਕੇਂਦਰਾਂ ਸਬੰਧੀ ਆਪਣੇ ਕੰਮ ਨੂੰ ਨੇਪਰੇ ਚਾੜ੍ਹਣ।