ਗ਼ੈਰਕਾਨੂੰਨੀ ਢੰਗ ਨਾਲ ਰੇਤ ਦਾ ਵਪਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ - ਐਸ.ਡੀ.ਐਮ ਕੋਛੜ

Last Updated: Mar 14 2019 19:30

ਰਮਨ ਕੋਛੜ ਐਸ.ਡੀ.ਐਮ ਦੀਨਾਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਨਾਨਗਰ-ਬਹਿਰਾਮ ਰੋਡ ਤੇ ਰੇਤ ਨਾਲ ਭਰੀ ਇੱਕ ਟਰੈਕਰਟਰ-ਟਰਾਲੀ ਨੂੰ ਜ਼ਬਤ ਕਰਕੇ ਪੁਲਿਸ ਚੌਂਕੀ ਬਹਿਰਾਮ ਪੁਰ ਵਿਖੇ ਭੇਜ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਐਸ.ਡੀ.ਐਮ ਸ਼੍ਰੀ ਕੋਛੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਰੇਤ ਦਾ ਵਪਾਰ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਉਨ੍ਹਾਂ ਬਹਿਰਾਮ ਪੁਰ ਰੋਡ ਤੇ ਰੇਤ ਨਾਲ ਭਰੀ ਇੱਕ ਟਰਾਲੀ ਨੂੰ ਫੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਰੇਤ ਸਬੰਧੀ ਕੋਈ ਵੀ ਬਿੱਲ ਜਾਂ ਹੋਰ ਕਾਗ਼ਜ਼ਾਤ ਨਹੀਂ ਵਿਖਾ ਸਕਿਆ। ਜਿਸ ਦੇ ਚਲਦਿਆਂ ਟਰਾਲੀ ਨੂੰ ਜ਼ਬਤ ਕਰਕੇ ਪੁਲਿਸ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਗੈਰ ਕਾਨੂੰਨੀ ਤੋਰ ਤੇ ਰੇਤ ਦਾ ਵਪਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਗੈਰ ਕਾਨੂੰਨੀ ਢੰਗ ਨਾਲ ਰੇਤ ਦਾ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।