ਪਰਵਾਸੀ ਕਵੀ ਮੋਹਨ ਗਿੱਲ ਦਾ ਕਾਵਿ ਸੰਗ੍ਰਹਿ ਸੈਲਫੀ 21ਵੀਂ ਸਦੀ ਦੇ ਮਨੁੱਖ ਦਾ ਚਿਹਰਾ- ਗੁਰਬਖ਼ਸ਼ ਕੌਰ ਮਾਂਗਟ

Last Updated: Mar 14 2019 19:25

ਕੈਨੇਡਾ ਦੇ ਸ਼ਹਿਰ ਸਰੀ 'ਚ ਵੱਸਦੇ ਪੰਜਾਬੀ ਕਵੀ ਮੋਹਨ ਗਿੱਲ ਦਾ ਸੱਜਰਾ ਕਾਵਿ ਸੰਗ੍ਰਹਿ ਲੋਕ ਵਿਰਾਸਤ ਅਕਾਡਮੀ ਵੱਲੋਂ ਲੋਕ ਅਰਪਨ ਕਰਦਿਆਂ ਸਰਦਾਰਨੀ ਗੁਰਬਖ਼ ਕੌਰ ਮਾਂਗਟ ਨੇ ਕਿਹਾ ਹੈ ਕਿ ਮੋਹਨ ਗਿੱਲ ਦੀ ਕਾਵਿ ਪੁਸਤਕ 21ਵੀਂ ਸਦੀ ਦੇ ਇਕਲਾਪਾ ਹੰਢਾ ਰਹੇ ਮਨੁੱਖ ਦੇ ਉਦਾਸ ਚਿਹਰੇ ਦੀ ਵਿਆਖਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰਾਂ ਵਰਗੇ ਇਸ ਕਵੀ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਿਆ ਹੈ। ਉਨ੍ਹਾਂ ਆਖਿਆ ਕਿ ਇਕਲਾਪੇ ਦਾ ਵਾਇਰਸ ਸਿਰਫ਼ ਵਿਕਸਤ ਮੁਲਕਾਂ 'ਚ ਹੀ ਨਹੀਂ ਸਗੋਂ ਰਲ ਮਿਲ ਜੀਣ ਵਾਲੇ ਪੰਜਾਬ ਨੂੰ ਵੀ ਖਾ ਰਿਹਾ ਹੈ।

ਮੋਹਨ ਗਿੱਲ ਬਾਰੇ ਜਾਣ ਪਛਾਣ ਕਰਵਾਉਂਦਿਆਂ ਉਸ ਦੇ ਸਹਿਪਾਠੀ ਤੇ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਡੇਹਲੋਂ (ਲੁਧਿਆਣਾ) ਦੇ ਜੰਮਪਲ ਮੋਹਨ ਨੇ ਨਾਰੰਗਵਾਲ ਕਾਲਜ ਤੋਂ ਬੀ.ਏ ਅਤੇ ਗੌਰਮਿੰਟ ਕਾਲਜ ਤੋਂ ਐੱਮ.ਏ ਕਰਦਿਆਂ ਸਾਹਿਤਕ ਸ਼ੌਕ ਉਜਾਗਰ ਕੀਤੇ। ਸੈਲਫ਼ੀ ਤੋਂ ਪਹਿਲਾਂ ਉਹ ਗਿਰਝਾਂ ਦੀ ਹੜਤਾਲ, ਬਨਵਾਸ ਤੋਂ ਬਾਅਦ ਅਤੇ ਮੋਖ਼ਸ਼ ਕਾਵਿ ਸੰਗ੍ਰਹਿ ਲਿਖ ਚੁੱਕਾ ਹੈ। ਨਮਕੀਨ ਰਸਗੁੱਲੇ, ਕੁੱਤੇ ਦੀ ਤੀਰਥ ਯਾਤਰਾ ਤੇ ਰੱਬ ਦੌਰੇ ਤੇ ਗਿਆ ਤੋਂ ਇਲਾਵਾ ਦੋ ਵਾਰਤਕ ਸੰਗ੍ਰਹਿ ਜੀਵਨ ਪੰਧ ਦਾ ਸੁਹਜ ਤੇ ਆਤਮ ਮੰਥਨ ਲਿਖ ਚੁੱਕਾ ਹੈ। ਉਸ ਦੀ ਲਿਖ਼ਤ ਮਨੁੱਖ ਦੇ ਚੌਗਿਰਦੇ 'ਚੋਂ ਲਏ ਸਧਾਰਨ ਬਿੰਬਾਂ ਰਾਹੀਂ ਅਸਧਾਰਨ ਅਰਥ ਦਿੰਦੀ ਹੈ। (ਸਰੀ) ਕੈਨੇਡਾ ਵੱਸਦੇ ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਉੱਥੋਂ ਦੇ ਹੀ ਰੇਡੀਓ ਰੈੱਡ ਐੱਫ.ਐੱਮ ਦੇ ਮੁੱਖ ਪੇਸ਼ਕਾਰ ਹਰਜਿੰਦਰ ਥਿੰਦ ਨੇ ਕਿਹਾ ਕਿ ਮੋਹਨ ਗਿੱਲ ਪੰਜਾਬੀ ਮਾਂ ਬੋਲੀ ਦੀ ਕੈਨੇਡਾ 'ਚ ਵਹਿੰਗੀ ਚੁੱਕ ਕੇ ਲਗਾਤਾਰ ਕਰਮਸ਼ੀਲ ਸਰਵਣ ਪੁੱਤਰ ਹੈ। ਸਾਨੂੰ ਮਾਣ ਹੈ ਕਿ ਸੱਜਰੇ ਅਨੁਭਵ ਵਾਲੇ ਇਸ ਕਵੀ ਦੀ ਸੁਹਬਤ ਸਾਨੂੰ ਨਸੀਬ ਹੈ। 

ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਮੋਹਨ ਗਿੱਲ ਸੁਚੇਤ ਕਲਮਕਾਰ ਹੈ ਜਿਸ ਕੋਲ ਤ੍ਰੈਕਾਲਦਰਸ਼ੀ ਨੀਝ ਤੇ ਨਜ਼ਰੀਆ ਹੈ। 

ਪੁਸਤਕ ਦੇ ਸਿਰਜਕ ਮੋਹਨ ਗਿੱਲ ਨੇ ਕਿਹਾ ਕਿ ਮੇਰਾ ਮਨ ਇਸ ਵੇਲੇ ਸ਼ੁਕਰਾਨੇ ਨਾਲ ਭਰਿਆ ਹੋਇਆ ਹੈ ਕਿਉਂਕਿ ਮੇਰੇ ਮਾਂ ਬਾਪ ਦੇ ਸੰਸਾਰ ਵਿਛੋੜੇ ਉਪਰੰਤ ਮੇਰੀ ਇਸ ਕਿਤਾਬ ਨੂੰ ਇੱਕ ਮਾਂ ਲੋਕ ਅਰਪਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਤੋਂ ਬਗੈਰ ਘਰ ਨੂੰ ਘਰ ਨਹੀਂ ਮਕਾਨ ਕਹਿਣਾ ਚਾਹੀਦਾ ਹੈ ਕਿਉਂਕਿ ਘਰ ਸੰਵੇਦਨਾ ਨਾਲ ਸੰਪੂਰਨ ਹੁੰਦੇ ਹਨ। 

ਇਸ ਮੌਕੇ ਸ: ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਨੇ ਪੰਜਾਬੀ ਸਾਹਿਤ ਅਕਾਡਮੀ ਲਾਇਬਰੇਰੀ ਲਈ ਇੱਕ ਇੱਕ ਅਲਮਾਰੀ ਲੈਣ ਲਈ ਆਰਥਿਕ ਯੋਗਦਾਨ ਦਿੱਤਾ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ (ਸਰਗਰਮੀਆਂ) ਮਨਜਿੰਦਰ ਧਨੋਆ ਤੇ ਡਾ: ਗੁਰਇਕਬਾਲ ਸਿੰਘ ਤੂਰ, ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ, ਤ੍ਰੈਲੋਚਨ ਲੋਚੀ, ਫ਼ਕੀਰ ਚੰਦ ਸ਼ਰਮਾ ਤੇ ਸ: ਰੁਪਿੰਦਰ ਸਿੰਘ ਚਾਹਲ (ਖ਼ਾਨਪੁਰ) ਵੀ ਹਾਜ਼ਰ ਸਨ। 

ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਮੇਰਾ ਸੁਭਾਗ ਇਹ ਵੀ ਹੈ ਕਿ ਮੇਰੇ ਮਿੱਤਰ ਕਵੀ ਮੋਹਨ ਗਿੱਲ ਦੀ ਕਾਵਿ ਪੁਸਤਕ ਸੈਲਫ਼ੀ ਮੇਰੇ ਹੀ ਮਾਤਾ ਜੀ ਪਾਸੋਂ ਸਾਡੇ ਹੀ ਘਰ ਦੇ ਵਿਹੜੇ 'ਚ ਲੋਕ ਅਰਪਣ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਡਮੀ ਵੱਲੋਂ ਨੇੜੇ ਭਵਿੱਖ ਵਿੱਚ ਦੇਸ਼ ਵਿਦੇਸ਼ ਅੰਦਰ ਸਾਹਿਤਕ ਸਰਗਰਮੀਆਂ ਵਧਾਈਆਂ ਜਾਣਗੀਆਂ।