ਪੰਜਾਬੀ ਯੂਨੀਵਰਸਿਟੀ ਨੂੰ ਮਿਲ ਗਿਆ ਸਹਾਇਕ ਡਾਇਰੈਕਟਰ ਸਪੋਰਟਸ

Last Updated: Mar 14 2019 19:23

ਪੰਜਾਬੀ ਯੂਨੀਵਰਸਿਟੀ ਵਿੱਚ ਖਿਡਾਰੀ ਦਿਸ਼ਾ ਰਹਿਤ ਹੋਏ ਪਏ ਸਨ ਅਤੇ ਖਿਡਾਰੀਆਂ ਦੀ ਖੁਦ ਦੀ ਹੀ ਮੰਗ ਸੀ ਕਿ ਵਰਸਿਟੀ ਵਿੱਚ ਸਹਾਇਕ ਡਾਇਰੈਕਟਰ ਸਪੋਰਟਸ ਦੀ ਕੁਰਸੀ ਨੂੰ ਉਸਦਾ ਕੋਈ ਮਾਲਕ ਸੌਂਪਿਆ ਜਾਵੇ, ਜਿਸਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੁਣ ਡਾ. ਦਲਬੀਰ ਸਿੰਘ ਰੰਧਾਵਾ ਸੀਨੀਅਰ ਫੁੱਟਬਾਲ ਕੋਚ ਪੰਜਾਬੀ ਯੂਨੀਵਰਸਿਟੀ ਨੂੰ ਸਹਾਇਕ ਡਾਇਰੈਕਟਰ ਸਪੋਰਟਸ ਦੀ ਕੁਰਸੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡਾ. ਦਲਬੀਰ ਸਿੰਘ ਰੰਧਾਵਾ ਬਤੌਰ ਫੁੱਟਬਾਲ ਕੋਚ ਪਿਛਲੇ 26 ਸਾਲਾਂ ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ ਲਈ ਪਹਿਲੇ ਸਥਾਨ ਪ੍ਰਾਪਤ ਕਰਦੇ ਆ ਰਹੇ ਹਨ। ਰਾਸ਼ਟਰੀ ਪੱਧਰ ਦੇ ਓਪਨ ਖੇਡ ਮੁਕਾਬਲਿਆਂ ਤੋਂ ਇਲਾਵਾ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿੱਚ ਵੀ ਡਾ. ਰੰਧਾਵਾ ਦੀਆਂ ਪ੍ਰਾਪਤੀਆਂ ਦੀ ਲਿਸਟ ਬਹੁਤ ਲੰਬੀ ਹੈ। ਭਾਰਤ ਦੀ ਯੂਨੀਵਰਸਿਟੀ ਖੇਡ ਮੁਕਾਬਲਿਆਂ ਦੀ ਸਭ ਤੋਂ ਸਨਮਾਨਯੋਗ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ ਵਿੱਚ ਡਾ. ਰੰਧਾਵਾ ਦਾ ਬਤੌਰ ਕੋਚ ਵੱਡਮੁੱਲਾ ਯੋਗਦਾਨ ਰਿਹਾ ਹੈ। ਡਾ. ਰੰਧਾਵਾ ਖੇਡਾਂ ਦੇ ਵਿਸ਼ੇ ਵਿੱਚ ਵੀ ਡਾਕਟਰੇਟ ਡਿਗਰੀ ਨਾਲ ਸਨਮਾਨੇ ਜਾ ਚੁੱਕੇ ਹਨ। ਇਸ ਮੌਕੇ ਤੇ ਸਮੁੱਚੇ ਖੇਡ ਵਿਭਾਗ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ, ਸਰੀਰਕ ਸਿੱਖਿਆ ਲੈਕਚਰਾਰ ਸਾਹਿਬਾਨਾਂ, ਪੰਜਾਬ ਖੇਡ ਵਿਭਾਗ ਅਤੇ ਸਾਈ ਦੇ ਕੋਚਿਜ਼ ਸਾਹਿਬਾਨਾਂ ਅਤੇ ਵੱਖ ਵੱਖ ਅਦਾਰਿਆਂ ਦੇ ਇੰਚਾਰਜ ਸਾਹਿਬਾਨਾਂ ਵੱਲੋਂ ਡਾ. ਦਲਬੀਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਬਦਲੇ ਮੁਬਾਰਕਬਾਦ ਦਿੱਤੀ ਗਈ।