ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਬੇਰਿੰਗ ਕਾਲਜ ਦਾ 'ਯੁਵਕ ਮੇਲਾ-2019' ਯਾਦਗਾਰੀ ਹੋ ਨਿੱਬੜਿਆ

Last Updated: Mar 14 2019 19:52

'ਪੰਜਾਬ ਸੰਗੀਤ ਨਾਟਕ ਅਕਾਦਮੀ' ਦੇ ਸਹਿਯੋਗ ਨਾਲ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਯੂਥ-ਕੋਆਰਡੀਨੇਟਰ ਪ੍ਰੋਫੈਸਰ ਸੁਖਜਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਕਰਵਾਇਆ ਗਿਆ "ਯੁਵਕ ਮੇਲਾ-2019" ਯਾਦਗਾਰੀ ਹੋ ਨਿੱਬੜਿਆ। ਇਸ ਮੇਲੇ ਦੇ ਪਹਿਲੇ ਦਿਨ ਸ. ਬੂਟਾ ਸਿੰਘ (ਸਾਬਕਾ ਡੀ.ਐੱਸ.ਓ.) ਅਤੇ ਦੂਸਰੇ ਦਿਨ 'ਵਿਸ਼ਵ ਪੰਜਾਬੀ ਸੱਭਿਆਚਾਰਕ ਸੱਥ' ਇੰਗਲੈਂਡ ਦੇ ਪ੍ਰਧਾਨ ਸ. ਮੋਤਾ ਸਿੰਘ ਸਰਾਏ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਇਸ ਮੌਕੇ ਸ. ਮੋਤਾ ਸਿੰਘ ਸਰਾਏ ਨੇ ਬੇਰਿੰਗ ਕਾਲਜ ਨੂੰ 51000/- ਰੁਪਏ ਦੀ ਸਹਾਇਤਾ ਰਾਸ਼ੀ ਅਤੇ 150 ਪੁਸਤਕਾਂ ਵੀ ਕਾਲਜ ਨੂੰ ਭੇਂਟ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਕਾਲਜ ਦੇ ਕੁਝ ਗਰੀਬ ਵਿਦਿਆਰਥੀਆਂ ਨੂੰ ਗੋਦ ਲੈਣ ਦਾ ਇਕਰਾਰ ਵੀ ਕੀਤਾ। ਇਸ ਯੁਵਕ ਮੇਲੇ ਦੇ ਪਹਿਲੇ ਦਿਨ ਪੰਜਾਬੀ ਗਾਇਕ ਗੈਰੀ ਧਾਲੀਵਾਲ ਅਤੇ ਦੂਸਰੇ ਦਿਨ ਸੁੱਖ ਮਾਨ, ਗੁਲਾਬ ਰੈਪਰ, ਮਾਸਟਰ ਹਰਜਿੰਦਰਪਾਲ, ਰਾਹੁਲ ਗਿੱਲ ਅਤੇ ਪੰਜਾਬ ਦੇ ਪ੍ਰਸਿੱਧ ਗਾਇਕ ਕਲੇਰ ਕੰਠ ਨੇ ਗੀਤਾਂ ਰਾਹੀਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ।

ਇਸ ਮੌਕੇ ਪੰਜਾਬੀ ਗਾਇਕ ਕਲੇਰ ਕੰਠ ਨੂੰ 'ਸ਼ਿਵ ਕੁਮਾਰ ਬਟਾਲਵੀ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਸ ਯੁਵਕ ਮੇਲੇ ਵਿੱਚ ਮਿਸਟਰ ਬੇਰਿੰਗ ਅਤੇ ਮਿਸ ਬੇਰਿੰਗ ਤੋਂ ਇਲਾਵਾ ਗਿੱਧੇ, ਭੰਗੜੇ, ਲੋਕ-ਗੀਤ, ਭਾਸ਼ਣ, ਪੇਂਟਿੰਗ, ਪੋਸਟਰ ਮੇਕਿੰਗ, ਰੱਸੀ ਟੱਪਣਾਂ, ਦਸਤਾਰਬੰਦੀ, ਗੁੱਤ ਪਰਾਂਦਾ ਅਤੇ ਰੰਗੋਲੀ ਆਦਿ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਬੇਰਿੰਗ ਕਾਲਜ ਦੇ ਅਧਿਆਪਕਾਂ ਅਤੇ ਬਾਹਰੋਂ ਆਏ ਪ੍ਰੋ. ਗੁਰਜੀਤ ਸਿੰਘ, ਮੈਡਮ ਸੁਰਿੰਦਰ ਕਾਹਲੋਂ ਅਤੇ ਮੈਡਮ ਵਰਿੰਦਰ ਰੰਧਾਵਾ ਆਦਿ ਨੇ ਕੀਤੀ।

ਇਸ ਸਮਾਗਮ ਵਿੱਚ ਡਾ. ਸਤਨਾਮ ਸਿੰਘ ਨਿੱਝਰ, ਕੈਪਟਨ ਨਰਿੰਦਰ ਸਿੰਘ, ਸ਼੍ਰੀ ਵੀ.ਐੱਮ. ਗੋਇਲ, ਡਾ. ਡੈਰਿਕ ਏਂਜਲਜ਼ (ਸੈਕਟਰੀ ਬੁੱਕਾ), ਸ. ਭੁਪਿੰਦਰ ਸਿੰਘ ਠੇਕੇਦਾਰ ਅਤੇ ਐਡਵੋਕੇਟ ਬਖਸ਼ਿੰਦਰ ਸਿੰਘ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਲਈ 'ਪੰਜਾਬ ਸੰਗੀਤ ਨਾਟਕ ਅਕਾਦਮੀ' ਦੇ ਪ੍ਰਧਾਨ ਅਤੇ 'ਨਾਟ ਸ਼੍ਰੋਮਣੀ' ਕੇਵਲ ਧਾਲੀਵਾਲ ਨੇ 51000/- ਰੁਪਏ ਸਹਾਇਤਾ ਰਾਸ਼ੀ ਦਾ ਚੈੱਕ ਵੀ ਭੇਜਿਆ। ਇਸ ਯੁਵਕ ਮੇਲੇ ਦੇ ਮੌਕੇ 'ਤੇ ਕਾਲਜ ਵਿੱਚ ਉਚੇਚੇ ਤੌਰ 'ਤੇ ਲਗਵਾਏ ਗਏ ਝੂਲਿਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲਾਂ ਨੇ ਪੂਰਨ ਮੇਲੇ ਵਾਲਾ ਵਾਤਾਵਰਣ ਸਿਰਜ ਦਿੱਤਾ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਮੇਲੇ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੇਲੇ ਦੇ ਮੁੱਖ ਮਹਿਮਾਨ ਸ. ਮੋਤਾ ਸਿੰਘ ਸਰਾਏ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਜਿਊਂਦਾ ਰੱਖਣ ਲਈ ਇੱਕ ਅਹਿਮ ਵਸੀਲਾ ਹਨ। ਉਨ੍ਹਾਂ ਦੇ ਯਤਨਾਂ ਨਾਲ ਵਿਸ਼ਵ ਵਿੱਚ ਚੱਲ ਰਹੀਆਂ ਕੁਝ ਪੰਜਾਬੀ ਸੱਥਾਂ ਬਾਰੇ ਵੀ ਸ. ਮੋਤਾ ਸਿੰਘ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਪੁਸਤਕ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਆ।

ਜ਼ਿਕਰਯੋਗ ਹੈ ਕਿ ਸ. ਮੋਤਾ ਸਿੰਘ ਸਰਾਏ ਹੁਣ ਤੱਕ 15 ਕਰੋੜ ਦੀਆਂ ਪੁਸਤਕਾਂ ਵਿਸ਼ਵ ਭਰ ਵਿੱਚ ਵੰਡ ਚੁੱਕੇ ਹਨ ਅਤੇ 48 ਦੇਸ਼ਾਂ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਾਗਮ ਕਰਵਾ ਚੁੱਕੇ ਹਨ। ਮੇਲੇ ਦੇ ਦੂਸਰੇ ਦਿਨ ਕੋਆਰਡੀਨੇਟਰ ਪ੍ਰੋਫੈਸਰ ਸੁਖਜਿੰਦਰ ਸਿੰਘ ਬਾਠ ਨੇ ਸਭ ਦਾ ਧੰਨਵਾਦ ਕੀਤਾ ਅਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮੇਲੇ ਨੂੰ ਸਰੋਤਿਆਂ ਨੇ ਰੂਹ ਤੋਂ ਮਾਣਿਆਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਪੰਜਾਬੀ ਸੱਭਿਆਚਾਰ ਦੀ ਸਾਫ਼-ਸੁਥਰੀ ਗਾਇਕੀ ਨੂੰ ਇਸ ਮੰਚ ਤੋਂ ਵਿਕਸਿਤ ਹੋਣ ਦਾ ਮੌਕਾ ਮਿਲਿਆ ਹੈ। ਇਸ ਯੁਵਕ ਮੇਲੇ ਦਾ ਸਟੇਜ ਸੰਚਾਲਨ ਡਾ. ਨਰੇਸ਼ ਕੁਮਾਰ ਅਤੇ ਪ੍ਰੋਫੈਸਰ ਰਮਨਦੀਪ ਕੌਰ ਵੱਲੋਂ ਬਖ਼ੂਬੀ ਨਿਭਾਇਆ ਗਿਆ।