16 ਮਾਰਚ ਨੂੰ ਅਕਾਲੀ-ਭਾਜਪਾ ਗੱਠਜੋੜ ਵਿਸ਼ਵਾਸਘਾਤ ਦਿਵਸ ਦੇ ਰੂਪ 'ਚ ਮਨਾਵੇਗੀ, ਫੁਕਣਗੇ ਮੁੱਖਮੰਤਰੀ ਦਾ ਪੁਤਲਾ

Last Updated: Mar 14 2019 19:08

ਅਕਾਲੀ-ਭਾਜਪਾ ਗੱਠਜੋੜ ਵਲੋਂ ਕਾਂਗਰਸ ਸਰਕਾਰ 'ਤੇ ਸੂਬੇ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਉਂਦੇ 16 ਮਾਰਚ ਨੂੰ ਵਿਸ਼ਵਾਸਘਾਤ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ ਹੈ। ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਦੋ ਸਾਲ ਪਹਿਲਾਂ 16 ਮਾਰਚ ਨੂੰ ਕਾਂਗਰਸ ਸਰਕਾਰ ਬਣੀ ਸੀ ਅਤੇ ਇਸ ਲਈ ਅਕਾਲੀ-ਭਾਜਪਾ ਗੱਠਜੋੜ ਪੂਰੇ ਸੂਬੇ ਵਿੱਚ ਇਸ ਦਿਨ ਨੂੰ ਵਿਸ਼ਵਾਸਘਾਤ ਦਿਵਸ ਦੇ ਰੂਪ 'ਚ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਤਹਿਤ ਅਬੋਹਰ ਦੇ ਅਕਾਲੀ- ਭਾਜਪਾ ਆਗੂਆਂ ਦੀ ਇੱਕ ਮੀਟਿੰਗ ਵਿਧਾਇਕ ਅਰੁਣ ਨਾਰੰਗ ਦੇ ਨਿਵਾਸ ਸਥਾਨ 'ਤੇ ਹੋਈ ਜਿਸ ਵਿੱਚ 16 ਮਾਰਚ ਨੂੰ ਸਦਰ ਬਾਜ਼ਾਰ ਚੌਕ 'ਤੇ ਮੁੱਖਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਤੈਅ ਹੋਇਆ ਹੈ। 

ਮੀਟਿੰਗ ਵਿੱਚ ਮੌਜੂਦ ਸ਼੍ਰੋਅਦ ਸਰਕਲ ਸ਼ਹਿਰੀ ਪ੍ਰਧਾਨ ਸੁਰੇਸ਼ ਸਤੀਜਾ ਅਤੇ ਭਾਜਪਾ ਮੰਡਲ ਪ੍ਰਧਾਨ ਅਸ਼ੋਕ ਛਾਬੜਾ ਨੇ ਦੱਸਿਆ ਕਿ ਗੱਠਜੋੜ ਦੇ ਸਾਰੇ ਵਰਕਰ 16 ਮਾਰਚ ਨੂੰ ਤੜਕੇ 11 ਵਜੇ ਨਹਿਰੂ ਪਾਰਕ ਮੂਹਰੇ ਇਕੱਠੇ ਹੋਣਗੇ, ਇਸ ਤੋਂ ਬਾਅਦ ਸਰਕਾਰ ਦੀ ਝੂਠੇ ਵਾਅਦਿਆਂ ਖ਼ਿਲਾਫ਼ ਰੋਸ਼ ਪ੍ਰਕਟ ਕਰਦੇ ਹੋਏ ਸਦਰ ਬਾਜ਼ਾਰ ਚੌਕ 'ਤੇ ਪੁੱਜਣਗੇ, ਜਿੱਥੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਜਾਵੇਗਾ। ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਵਿਧਾਨਸਭਾ ਚੌਣਾਂ ਦੌਰਾਨ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਵਿੱਚ ਨੌਜਵਾਨਾਂ ਨੂੰ ਸਮਾਰਟ ਫ਼ੋਨ, ਹਰ ਇੱਕ ਘਰ ਤੋਂ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ, ਨੀਲੇ ਕਾਰਡ ਧਾਰਕਾਂ ਨੂੰ ਆਟਾ-ਦਾਲ ਦੇ ਨਾਲ ਖੰਡ ਅਤੇ ਦੇਸੀ ਘਿਉ ਦੇਣ ਦੇ ਵਾਅਦੇ ਸ਼ਾਮਲ ਹਨ। ਪਰ ਦੋ ਸਾਲ ਲੰਘ ਜਾਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸਰਕਾਰ ਦੀ ਇਸ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿੱਚ 16 ਮਾਰਚ ਨੂੰ ਪੂਰੇ ਪੰਜਾਬ ਵਿੱਚ ਵਿਸ਼ਵਾਸਘਾਤ ਦਿਨ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ  ਦੇ ਸਾਰੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।  

ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਅਸ਼ੋਕ ਅਹੂਜਾ, ਰਾਜਿੰਦਰ ਪਾਲ ਬਰਾੜ, ਜ਼ਿਲ੍ਹਾ ਸਕੱਤਰ ਜਨਰਲ ਹਰਚਰਨ ਸਿੰਘ ਪੱਪੂ, ਜ਼ਿਲ੍ਹਾ ਸ਼੍ਰੋਅਦ ਜਨਰਲ ਸਕੱਤਰ ਐਡਵੋਕੇਟ ਅਸ਼ਵਨੀ ਝੂਥਰਾ, ਡਾ. ਰਿਸ਼ੀ ਨਾਰੰਗ, ਗੁਰਵਿੰਦਰ ਸਿੰਘ ਲਾਊ ਜਾਖੜ ਤੋਂ ਇਲਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਸ਼ਰਮਾ, ਨਵਨੀਤ ਜਾਇਸਵਾਲ, ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਰਾਜਸੀ ਸਕੱਤਰ ਮੋਨਾ ਜਾਇਸਵਾਲ, ਸ਼੍ਰੀਮਤੀ ਗੀਤਾ ਚੌਧਰੀ ਆਦਿ ਮੌਜੂਦ ਸਨ।