ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਨੇ ਦੋ ਸਕੂਲੀ ਬੱਸਾਂ ਦੇ ਕੀਤੇ ਚਲਾਨ

Last Updated: Mar 14 2019 18:53

ਸਕੂਲੀ ਬੱਚਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਸਬੰਧੀ ਲਾਗੂ ਕੀਤੀ ਗਈ ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਸਰਹਿੰਦ ਦੇ ਅਕਾਲ ਅਕੈਡਮੀ ਮਾਧੋਪੁਰ ਤੇ ਡਿਵਾਈਨ ਲਾਈਟ ਸਕੂਲ, ਸ਼ਮਸ਼ੇਰ ਨਗਰ ਦੀਆਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਅਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸੁਖਪਾਲ ਸਿੰਘ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਦੋਵੇਂ ਸਕੂਲਾਂ ਦੀਆਂ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਚਾਲੂ ਨਾ ਹੋਣ, ਸਪੀਡ ਗਵਰਨਰ ਅਤੇ ਮਹਿਲਾ ਅਟੈਂਡੈਂਟ ਨਾ ਹੋਣ ਕਾਰਨ ਦੋ ਬੱਸਾਂ ਦੇ ਚਲਾਨ ਕੀਤੇ ਗਏ।

ਚੈਕਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਹੈ। ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਉਲੰਘਣਾ ਕਰਨ ਵਾਲੇ ਦੋ ਸਕੂਲਾਂ ਅਕਾਲ ਅਕੈਡਮੀ ਮਾਧੋਪੁਰ ਅਤੇ ਡਿਵਾਈਨ ਲਾਈਟ ਸਕੂਲ, ਸ਼ਮਸ਼ੇਰ ਨਗਰ ਦੀਆਂ ਦੋ ਬੱਸਾਂ ਦੇ ਚਲਾਨ ਕੀਤੇ ਗਏ। ਸੇਫ਼ ਸਕੂਲ ਵਾਹਨ ਪਾਲਿਸੀ ਦਾ ਮਕਸਦ ਬੱਚਿਆਂ ਨੂੰ ਸੁਰੱਖਿਅਤ ਸਕੂਲੀ ਵਾਹਨ ਮੁਹੱਈਆ ਕਰਵਾਉਣਾ ਹੈ ਤਾਂ ਕਿ ਬੱਚਿਆਂ ਨਾਲ ਕਿਸੇ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ। ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ 'ਚ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਹਰੇਕ ਬੱਸ ਵਿੱਚ ਮਹਿਲਾ ਅਟੈਂਡੈਂਟ ਦਾ ਹੋਣਾ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ ਸਕੂਲੀ ਬੱਸਾਂ 'ਚ ਫ਼ਸਟ ਏਡ ਬਾਕਸ ਅਤੇ ਸਪੀਡ ਗਵਰਨਰਜ਼ ਲਗਾਉਣੇ ਬਹੁਤ ਜ਼ਰੂਰੀ ਹਨ।

ਇਸ ਮੌਕੇ ਸ. ਮਹਿਮੀ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੱਚਿਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੰਦੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਸਾਰੇ ਸਕੂਲਾਂ ਨੂੰ ਮਾਣਯੋਗ ਅਦਾਲਤ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਸਕੂਲੀ ਬੱਸਾਂ ਵਿੱਚ ਲੋੜੀਂਦੇ ਉਪਕਰਣ ਲਗਵਾਉਣੇ ਜ਼ਰੂਰੀ ਹਨ, ਪਰ ਕੁਝ ਬੱਸਾਂ ਵਿੱਚ ਕੈਮਰੇ ਲੱਗੇ ਹੋਏ ਜ਼ਰੂਰ ਹਨ ਪਰ ਉਹ ਚਾਲੂ ਹਾਲਤ ਵਿੱਚ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਵਿੱਚ ਮੈਮਰੀ ਕਾਰਡ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਦਿੱਤੇ ਫ਼ੈਸਲੇ ਅਨੁਸਾਰ ਜੇਕਰ ਕਿਸੇ ਸਕੂਲੀ ਬੱਸ ਵਿੱਚ ਕਿਸੇ ਬੱਚੇ ਨਾਲ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸ ਪ੍ਰਤੀ ਸਕੂਲ ਦੇ ਪ੍ਰਿੰਸੀਪਲ ਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਅਣਦੇਖਾ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸੁਖਪਾਲ ਸਿੰਘ ਨੇ ਕਿਹਾ ਕਿ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਸਕੂਲੀ ਬੱਸਾਂ ਵਿੱਚ ਮਾਹਿਰ ਡਰਾਈਵਰ ਤੇ ਕੰਡਕਟਰਾਂ ਦੀ ਭਰਤੀ ਕੀਤੀ ਜਾਵੇ ਤਾਂ ਕਿ ਬੱਚਿਆਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਹਰਜੀਤ ਸਿੰਘ, ਕਾਊਂਸਲਰ ਅਨਿਲ ਕੁਮਾਰ, ਗੁਰਸ਼ਰਨ ਸਿੰਘ, ਸੋਸ਼ਲ ਵਰਕਰ ਹਰਪ੍ਰੀਤ ਕੌਰ, ਆਊਟ ਰੀਚ ਵਰਕਰ ਰਾਜਵੀਰ ਕੌਰ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਟ੍ਰੈਫਿਕ ਪੁਲਿਸ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।