ਐਸ.ਸੀ ਵਿਦਿਆਰਥੀਆਂ 'ਤੇ ਦਰਜ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ, ਪ੍ਰੋਫੇਸਰਾਂ 'ਤੇ ਲਾਏ ਦੋਸ਼

Last Updated: Mar 14 2019 18:44

ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਐਮ ਆਰ ਕਾਲਜ ਦੇ ਐਸ.ਸੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਸਮੇਤ ਇੱਕ ਵਿਦਿਆਰਥਣ ਉਪਰ ਕਾਲਜ ਦੇ ਇੱਕ ਪ੍ਰੋਫੇਸਰ ਨਾਲ ਝਗੜੇ ਕਰਨ ਦੇ  ਦੋਸ਼ ਤਹਿਤ ਦਰਜ ਕੀਤੇ ਗਏ ਪੁਲਿਸ ਮਾਮਲੇ ਨੂੰ ਯੂਨੀਅਨ ਨੇ ਕਾਲਜ ਦੇ ਦੋ ਪ੍ਰੋਫੇਸਰਾਂ ਦੀ ਸਾਜਿਸ਼ ਦੱਸਦਿਆਂ ਪੁਲਿਸ ਨੂੰ ਉਕਤ ਮੁਕੱਦਮਾ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਸਟੂਡੈਂਟ ਯੂਨੀਅਨ ਦੇ ਆਗੂਆਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਨਾਮਜ਼ਦ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਾਰੇ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਪੀ.ਐਸ.ਯੂ. ਦੇ ਸੂਬਾ ਸਕੱਤਰ ਗਗਨ ਸੰਗਰਾਮੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਦੱਸਿਆ ਕਿ ਜੱਥੇਬੰਦੀ ਹਮੇਸ਼ਾ ਹੀ ਅਧਿਆਪਕ ਦੇ ਨਾਲ ਖੜਦੀ ਆਈ ਹੈ। ਆਗੂਆਂ ਨੇ ਇਲਜ਼ਾਮ ਲਾਇਆ ਕਿ ਪ੍ਰੋ. ਗੁਰਨਾਮ ਚੰਦ ਵੱਲੋਂ 16 ਫਰਵਰੀ ਨੂੰ ਕਾਲਜ ਦੀ ਇੱਕ ਮਹਿਲਾ ਪ੍ਰੋਫੈਸਰ ਨੂੰ ਤੰਗ ਪਰੇਸ਼ਾਨ ਕਰਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਗੁਰਨਾਮ ਚੰਦ ਵੱਲੋਂ ਲਿਖਤੀ ਮੁਆਫੀ ਮੰਗ ਲਈ ਗਈ ਸੀ। ਇਸ ਕਰਕੇ ਗੁਰਨਾਮਚੰਦ ਨੇ ਪੁਰਾਣੀ ਰੰਜਿਸ਼ ਕੱਢਦੇ ਹੋਏ ਵਿਦਿਆਰਥੀਆਂ ਤੇ ਇੱਕ ਲੜਕੀ ਤੇ ਝੂਠਾ ਪਰਚਾ ਦਰਜ ਕਰਵਾਇਆ। ਉਨ੍ਹਾਂ ਪ੍ਰੋ. ਪ੍ਰਦੀਪ ਸਿੰਘ ਤੇ ਇਲਜ਼ਾਮ ਲਾਇਆ ਕਿ ਪ੍ਰੋਫੇਸਰ ਪਿਛਲੇ ਸਾਲਾਂ ਵਿੱਚ ਵੀ 6 ਵਾਰ ਵਿਦਿਆਰਥੀਆਂ ਨਾਲ ਝਗੜਾ ਕਰ ਚੁੱਕਾ ਹੈ ਅਤੇ ਇਹ ਹੁਣ ਸੱਤਵੀਂ ਘਟਨਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪ੍ਰੋਫੇਸਰ ਮਾਨਸਿਕ ਪਰੇਸ਼ਾਨੀ ਕਰਕੇ ਅਜਿਹੀ ਹਰਕਤਾਂ ਕਰਦੇ ਆ ਰਹੇ ਹਨ। ਇਸ ਮੌਕੇ ਮਨਜੀਤ ਕੌਰ, ਸਰਬਜੀਤ ਕੋਰ, ਅੰਜੂ, ਸੁਲਤਾਨ, ਪ੍ਰਤਾਪ, ਸਰੋਜ ਰਾਣੀ, ਜਸਵੀਰ ਕੌਰ, ਪ੍ਰਵੀਣ, ਅੰਜਲੀ ਰਾਣੀ, ਡਿੰਪਲ ਆਦੀ ਸ਼ਾਮਲ ਸਨ।