ਰਾਸ਼ਟਰੀ ਪੱਧਰ ਤੇ ਹਾਸਲ ਕਰ ਆਏ ਹਨ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀ ਬਰੌਂਜ਼ ਮੈਡਲ

Last Updated: Mar 14 2019 18:46

ਪਟਿਆਲਾ ਸ਼ਹਿਰ ਦੇ ਦੋ ਖਿਡਾਰੀਆਂ ਨੇ ਹਾਲ ਹੀ ਵਿੱਚ ਰਾਸ਼ਟਰੀ ਖੇਡਾਂ ਵਿੱਚ ਬਰੌਂਜ਼ ਮੈਡਲ ਹਾਸਲ ਕਰਕੇ ਪੰਜਾਬੀ ਯੂਨੀਵਰਸਿਟੀ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਟਾਈਕਵਾਂਡੋ ਦੇ ਹੋਏ ਇਸ ਮੁਕਾਬਲੇ ਵਿੱਚ ਪੂਰੇ ਭਾਰਤ ਦੇ ਬੱਚਿਆਂ ਨੇ ਭਾਗ ਲਿਆ ਸੀ ਪਰ ਉਨ੍ਹਾਂ ਸਾਰਿਆਂ ਵਿੱਚ ਪਟਿਆਲਵੀ ਖਿਡਾਰੀ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਰਹੇ। ਇਹ ਰਾਸ਼ਟਰੀ ਮੁਕਾਬਲਾ ਉੜੀਸਾ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ 87 ਕਿੱਲੋ ਭਾਰ ਵਰਗ ਤਹਿਤ ਖਿਡਾਰੀਆਂ ਨੇ ਇਸ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਹੈ। ਖਿਡਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਖਿਡਾਰੀ ਹਰਪ੍ਰੀਤ ਸਿੰਘ ਨੇ ਟਾਈਕਵਾਂਡੋ ਦੇ ਅਜਿਹੇ ਮੂਵ ਮੁਕਾਬਲੇ ਦੌਰਾਨ ਦਿਖਾਏ ਕਿ ਸਭ ਹੈਰਾਨ ਰਹਿ ਗਏ। ਹਰਪ੍ਰੀਤ ਤੋਂ ਇਲਾਵਾ ਚੇਤਨ ਕੁਮਾਰ ਵਿਦਿਆਰਥੀ ਮਹਿੰਦਰਾ ਕਾਲਜ ਨੇ ਵੀ ਚੰਗਾ ਪ੍ਰਦਰਸ਼ਨ ਦਿਖਾਇਆ। ਚੇਤਨ ਦੀ ਗੱਲ ਕਰਦਿਆਂ ਕੋਚ ਨੇ ਦੱਸਿਆ ਕਿ ਪੈਰ ਤੇ ਸੱਟ ਲੱਗੇ ਹੋਣ ਦੇ ਬਾਵਜੂਦ ਬੱਚੇ ਨੇ ਟਾਈਕਵਾਂਡੋ ਕੋਰਟ ਵਿੱਚ ਜੋ ਜਜ਼ਬਾ ਦਿਖਾਇਆ ਉਹ ਕਾਬਿਲੇ ਤਾਰੀਫ਼ ਸੀ। ਦੋਵੇਂ ਖਿਡਾਰੀਆਂ ਨੂੰ ਅੱਜ ਪੰਜਾਬੀ ਯੂਨੀਵਰਸਿਟੀ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ।