ਚੋਣ ਪ੍ਰਚਾਰ ਲਈ ਸਿੱਧੂ ਦੇ ਸ਼ੇਅਰੋ ਸ਼ਾਇਰ ਫਿਰ ਆਉਣਗੇ ਕਾਂਗਰਸ ਦੇ ਕੰਮ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 14 2019 18:32

ਬੀਤੇ ਕੁਝ ਸਮੇਂ ਤੋਂ ਰਾਜਨੀਤਿਕ ਅਤੇ ਮੀਡੀਆ ਦਾ ਦਬਾਅ ਝੱਲ ਰਹੇ ਕਾਂਗਰਸੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ੇਅਰੋ ਸ਼ਾਇਰੀ ਨੂੰ ਪਾਰਟੀ ਨੇ ਚੋਣ ਪ੍ਰਚਾਰ ਲਈ ਫਿਰ ਯਾਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਦੇ ਵੱਲੋਂ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕੋਲੋਂ ਦੇਸ਼ ਭਰ ਦੇ ਵਿੱਚ ਪ੍ਰਚਾਰ ਕਰਵਾਇਆ ਜਾਵੇਗਾ। ਬੀਤੇ ਕੁਝ ਸਮੇਂ ਦੌਰਾਨ ਸਿੱਧੂ ਕਰਤਾਰਪੁਰ ਲਾਂਘੇ ਅਤੇ ਪੁਲਵਾਮਾ ਹਮਲੇ ਤੇ ਦਿੱਤੇ ਆਪਣੇ ਬਿਆਨਾਂ ਦੇ ਕਾਰਨ ਰਾਜਨੀਤਿਕ ਵਿਰੋਧੀਆਂ ਦੇ ਨਿਸ਼ਾਨੇ ਤੇ ਸਨ ਅਤੇ ਉਨ੍ਹਾਂ ਨੂੰ ਟੀ.ਵੀ. ਸ਼ੋਅ ਦੇ ਵਿੱਚੋਂ ਵੀ ਇੱਕ ਵਾਰ ਕਿਨਾਰਾ ਕਰਨਾ ਪਿਆ ਹੈ। ਇਸਦੇ ਬਾਅਦ ਬੀਤੇ ਦਿਨੀਂ ਮੋਗਾ ਵਿੱਚ ਹੋਈ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਬੋਲਣ ਦਾ ਮੌਕਾ ਨਹੀਂ ਮਿਲਣ ਦੇ ਬਾਅਦ ਵੀ ਸਿੱਧੂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਫਿਲਹਾਲ ਹੁਣ ਸਿੱਧੂ ਦੇ ਸਟਾਰ ਪ੍ਰਚਾਰਕ ਬਣਨ ਦੇ ਨਾਲ ਉਨ੍ਹਾਂ ਕੋਲੋਂ ਦੇਸ਼ ਭਰ ਵਿੱਚ ਆਉਣ ਵਾਲੇ ਕੁਝ ਸਮੇਂ ਵਿੱਚ ਤਿੱਖੇ ਰਾਜਨੀਤਿਕ ਤੰਜ ਸੁਣਨ ਨੂੰ ਮਿਲ ਸਕਦੇ ਹਨ।