ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ- ਡੀ.ਸੀ

Last Updated: Mar 14 2019 18:22

ਲੋਕ ਸਭਾ ਚੋਣਾਂ ਦੇ ਸਨਮੁੱਖ ਆਦਰਸ਼ ਚੋਣ ਜ਼ਾਬਤਾ ਢੁਕਵੇਂ ਢੰਗ ਨਾਲ ਲਾਗੂ ਕਰਵਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਗਠਿਤ ਕੀਤੀਆਂ ਗਈਆਂ ਵੱਖ-ਵੱਖ 18 ਨਿਗਰਾਨ ਟੀਮਾਂ ਦੇ ਨੋਡਲ ਅਫ਼ਸਰਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ।

ਮੀਟਿੰਗ ਦੌਰਾਨ ਉੱਡਣ ਦਸਤਿਆਂ, ਸਥਾਈ ਨਿਗਰਾਨ ਟੀਮਾਂ, ਵੀਡੀਓ ਨਿਗਰਾਨ ਟੀਮਾਂ, ਵੀਡੀਓ ਵਿਊਂਇੰਗ ਟੀਮਾਂ, ਖ਼ਰਚਾ ਨਿਗਰਾਨ ਕਮੇਟੀਆਂ, ਆਵਾਜਾਈ ਟੀਮ, ਸਿਖਲਾਈ ਟੀਮ, ਆਬਕਾਰੀ ਟੀਮਾਂ, ਮੁਲਾਜ਼ਮ ਪ੍ਰਬੰਧਨ ਟੀਮ, ਈ.ਵੀ.ਐਮ. ਪ੍ਰਬੰਧਨ ਟੀਮ, ਸਮੱਗਰੀ ਮੁਹੱਈਆ ਕਰਾਊ ਟੀਮ, ਆਦਰਸ਼ ਚੋਣ ਜ਼ਾਬਤਾ ਟੀਮ, ਨਿਰੀਖਕਾਂ, ਅਮਨ ਤੇ ਕਾਨੂੰਨ ਵਿਵਸਥਾ ਟੀਮ, ਮੀਡੀਆ ਕਮਿਊਨੀਕੇਸ਼ਨ ਟੀਮ, ਕੰਪਿਊਟ੍ਰਾਈਜ਼ੇਸ਼ਨ ਟੀਮ, ਸਵੀਪ ਟੀਮ, ਹੈਲਪਲਾਈਨ ਤੇ ਸ਼ਿਕਾਇਤ ਨਿਵਾਰਣ ਟੀਮ, ਐਸ.ਐਮ.ਐਸ ਨਿਗਰਾਨ ਤੇ ਕਮਿਊਨੀਕੇਸ਼ਨ ਪਲਾਨਿੰਗ ਟੀਮ, ਆਈ.ਸੀ.ਟੀ ਐਪਲੀਕੇਸ਼ਨ ਟੀਮ, ਵੋਟਰ ਹੈਲਪਲਾਈਨ 1950 ਟੀਮ ਅਤੇ ਸਾਈਬਰ ਸਕਿਊਰਿਟੀ ਟੀਮ ਆਦਿ ਨਿਗਰਾਨ ਟੀਮਾਂ ਦੇ ਨੋਡਲ ਅਫ਼ਸਰਾਂ ਨੂੰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਗਰਾਨ ਕਮੇਟੀਆਂ ਦੀ ਲੋਕ ਸਭਾ ਚੋਣਾਂ ਵਿੱਚ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਨ੍ਹਾਂ ਟੀਮਾਂ ਵੱਲੋਂ ਆਪੋ-ਆਪਣੇ ਕੰਮ ਦੀ ਵਿਸ਼ੇਸ਼ ਨਿਗਰਾਨੀ ਰੱਖਣੀ ਹੈ। ਇਸ ਲਈ ਇਨ੍ਹਾਂ ਟੀਮਾਂ ਨੂੰ ਆਪਣੇ ਕੰਮ ਪ੍ਰਤੀ ਪੂਰੇ ਸੁਚੇਤ ਹੋ ਕੇ ਡਿਊਟੀ ਨਿਭਾਉਣੀ ਪਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਉਪਰੰਤ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ, ਇਸ ਲਈ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਆਪਣੀ ਡਿਊਟੀ ਪੂਰੀ ਸਮਰਪਿਤ ਭਾਵਨਾ ਨਾਲ ਨਿਭਾਈ ਜਾਵੇ। ਉਨ੍ਹਾਂ ਖ਼ਾਸ ਤੌਰ 'ਤੇ ਕਿਹਾ ਕਿ ਇਸ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਨਿਗਰਾਨ ਟੀਮਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ। 

ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਮੋਬਾਈਲ ਐਪਲੀਕੇਸ਼ਨ 'ਤੇ ਆਉਣ ਵਾਲੀ ਸ਼ਿਕਾਇਤ ਦਾ ਨਿਪਟਾਰਾ 100 ਮਿੰਟ ਦੇ ਅੰਦਰ-ਅੰਦਰ ਕਰਨਾ ਲਾਜ਼ਮੀ ਹੈ, ਇਸ ਲਈ ਸਮੂਹ ਟੀਮਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਸਨਮੁੱਖ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਭੈੜੇ ਅਨਸਰਾਂ 'ਤੇ ਖ਼ਾਸ ਨਿਗ੍ਹਾ ਰੱਖੀ ਜਾਵੇਗੀ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ, ਤਹਿਸੀਲਦਾਰ ਚੋਣਾਂ ਸ਼੍ਰੀ ਸੱਤਪਾਲ ਬਾਂਸਲ ਤੋਂ ਇਲਾਵਾ ਵੱਖ-ਵੱਖ ਟੀਮਾਂ ਦੇ ਮੈਂਬਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।