ਜਦੋਂ ਪੇਪਰ ਦੇਣ ਗਿਆ ਨੌਜਵਾਨ ਭੇਦਭਰੇ ਹਾਲਾਤ 'ਚ ਹੋ ਗਿਆ ਗਾਇਬ...!!! (ਨਿਊਜ਼ਨੰਬਰ ਖਾਸ ਖਬਰ)

Last Updated: Mar 14 2019 18:14

12ਵੀਂ ਜਮਾਤ 'ਚ ਪੜ੍ਹਨ ਵਾਲਾ ਨੌਜਵਾਨ ਸਲਾਨਾ ਪ੍ਰੀਖਿਆ ਦਾ ਪੇਪਰ ਦੇਣ ਲਈ ਨਜ਼ਦੀਕੀ ਪਿੰਡ ਊਰਨਾ ਸਥਿਤ ਆਪਣੇ ਘਰ ਤੋਂ ਸਕੂਲ ਲਈ ਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਤਾਂ ਜ਼ਰੂਰ ਪਰ, ਉਹ ਨਾ ਹੀ ਪੇਪਰ ਦੇਣ ਸਕੂਲ ਪਹੁੰਚਿਆ ਤੇ ਨਾ ਹੀ ਦੇਰ ਸ਼ਾਮ ਤੱਕ ਵਾਪਸ ਆਪਣੇ ਘਰ ਪਰਤਿਆ। ਭੇਦਭਰੇ ਹਾਲਾਤ 'ਚ ਗਾਇਬ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਸਦੀ ਤਲਾਸ਼ ਆਰੰਭ ਕੀਤੀ ਤਾਂ ਉਨ੍ਹਾਂ ਨੂੰ ਨਜ਼ਦੀਕੀ ਪਿੰਡ ਪਵਾਤ ਦੇ ਸਰਹਿੰਦ ਨਹਿਰ ਪੁਲ ਕੰਢਿਓ ਉਸਦੀ ਸਾਇਕਲ ਬਰਾਮਦ ਹੋਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਖ਼ੁਦਕੁਸ਼ੀ ਦੇ ਇਰਾਦੇ ਨਾਲ ਨਹਿਰ 'ਚ ਛਾਲ ਮਾਰੀ ਹੋਵੇਗੀ। ਸ਼ੱਕੀ ਹਾਲਾਤਾਂ 'ਚ ਗਾਇਬ ਹੋਏ ਅਰਸ਼ਜੋਤ ਸਿੰਘ (17) ਦੇ ਪਿਤਾ ਕੁਲਦੀਪ ਸਿੰਘ ਨੇ ਆਪਣੇ ਨੌਜਵਾਨ ਲੜਕੇ ਦੇ ਗਇਬ ਹੋਣ ਸਬੰਧੀ ਪੁਲਿਸ ਥਾਣਾ ਮਾਛੀਵਾੜਾ ਸਾਹਿਬ 'ਚ ਰਿਪੋਰਟ ਦਰਜ ਕਰਵਾਈ। ਸੂਚਨਾ ਮਿਲਣ ਬਾਅਦ ਪੁਲਿਸ ਨਹਿਰ 'ਚ ਨੌਜਵਾਨ ਦੀ ਤਲਾਸ਼ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੌਜਵਾਨ ਦੇ ਪਿਤਾ ਨੇ ਪੁਲਿਸ ਨੂੰ ਕੀ ਦੱਸਿਆ?
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਾਪਤਾ ਹੋਏ ਨੌਜਵਾਨ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਉਸਦਾ ਲੜਕਾ ਅਰਸ਼ਜੋਤ ਸਿੰਘ 12ਵੀਂ ਜਮਾਤ 'ਚ ਪੜ੍ਹਦਾ ਹੈ ਜੋ ਕਿ ਸਵੇਰੇ ਕਰੀਬ 10 ਵਜੇ ਉਹ ਆਪਣੇ ਸਾਈਕਲ ਤੇ ਸਵਾਰ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ 'ਚ 12ਵੀਂ ਜਮਾਤ ਦਾ ਪੇਪਰ ਦੇਣ ਗਿਆ ਸੀ। ਪ੍ਰੰਤੂ ਸ਼ਾਮ ਹੋਣ ਤੱਕ ਜਦੋਂ ਉਹ ਵਾਪਸ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਉਸਦੇ ਦੋਸਤਾਂ ਅਤੇ ਹੋਰ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰਦੇ ਹੋਏ ਕਾਫੀ ਭਾਲ ਕੀਤੀ। ਇਸ ਦੌਰਾਨ ਪਤਾ ਚੱਲਿਆ ਕਿ ਉਹ ਸਕੂਲ 'ਚ ਪੇਪਰ ਦੇਣ ਹੀ ਨਹੀਂ ਪਹੁੰਚਿਆ ਅਤੇ ਨਾ ਹੀ ਵਾਪਸ ਆਪਣੇ ਘਰ ਆਇਆ। ਜਦੋਂ ਉਹ ਆਪਣੇ ਲੜਕੇ ਦੀ ਤਲਾਸ਼ ਕਰ ਰਿਹਾ ਸੀ ਤਾਂ ਨਜ਼ਦੀਕੀ ਪਵਾਤ ਨਹਿਰ ਪੁਲ ਕੋਲੋਂ ਉਸਦਾ ਸਾਈਕਲ ਜ਼ਰੂਰ ਮਿਲਿਆ ਹੈ।

ਕੀ ਕਹਿਣਾ ਹੈ ਨਹਿਰ ਕਿਨਾਰੇ ਰੇਹੜੀ ਲਗਾਉਣ ਵਾਲੇ ਦਾ?
ਜਾਣਕਾਰੀ ਮੁਤਾਬਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਪਵਾਤ ਨਹਿਰ ਪੁਲ ਕੋਲ ਰੇਹੜੀ ਲਗਾਉਣ ਵਾਲੇ ਵਿਅਕਤੀ ਅਤੇ ਕੁਝ ਹੋਰ ਰਾਹਗੀਰਾਂ ਨੇ ਦੱਸਿਆ ਹੈ ਕਿ ਨਹਿਰ ਕੰਢੇ ਸਾਈਕਲ ਖੜ੍ਹਾ ਕਰਨ ਦੇ ਬਾਅਦ ਇੱਕ ਨੌਜਵਾਨ ਨੇ ਸਰਹਿੰਦ ਨਹਿਰ 'ਚ ਛਾਲ ਮਾਰੀ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਚਿੰਤਾ 'ਚ ਡੁੱਬੇ ਹੋਏ ਹਨ ਅਤੇ ਨਹਿਰ 'ਚੋਂ ਨੌਜਵਾਨ ਦੀ ਤਲਾਸ਼ ਕਰ ਰਹੇ ਹਨ। ਸ਼ੁਰੂਆਤੀ ਤੌਰ ਤੇ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰਨ ਦੇ ਕਾਰਨਾਂ ਸਬੰਧੀ ਪਤਾ ਨਹੀਂ ਲੱਗ ਸਕਿਆ ਹੈ।

ਕੀ ਕਹਿਣਾ ਹੈ ਥਾਣਾ ਮਾਛੀਵਾੜਾ ਸਾਹਿਬ ਦੇ ਐਸਐਚਓ ਦਾ?
ਦੂਜੇ ਪਾਸੇ, ਪੁਲਿਸ ਥਾਣਾ ਮਾਛੀਵਾੜਾ ਸਾਹਿਬ ਦੇ ਐਸਐਚਓ ਇੰਸਪੈਕਟਰ ਰਮਨਇੰਦਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਦੀਪ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਨਹਿਰ 'ਚ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਫਿਲਹਾਲ ਹਾਲੇ ਨੌਜਵਾਨ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ ਅਤੇ ਨਹਿਰ 'ਚ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।