ਸਰਸ ਮੇਲੇ ਦੇ ਪਹਿਲੇ ਦਿਨ ਹੀ ਬਟਾਲਾ ਵਿਖੇ ਲੱਗੀਆਂ ਭਾਰੀ ਰੌਣਕਾਂ

Last Updated: Mar 14 2019 17:52

ਭਾਰਤ ਦਾ ਪ੍ਰਸਿੱਧ "ਸਰਸ ਮੇਲਾ" ਅੱਜ ਤੋਂ ਬਟਾਲਾ ਦੀ ਦਾਣਾ ਮੰਡੀ ਵਿਖੇ ਬਹੁਤ ਹੀ ਧੂਮ-ਧਾਮ ਨਾਲ ਸ਼ੁਰੂ ਹੋ ਗਿਆ ਹੈ। ਇਸ ਮੇਲੇ ਦਾ ਉਦਘਾਟਨ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਕੀਤਾ ਗਿਆ। ਇਸ ਮੇਲੇ ਵਿੱਚ ਪੂਰੇ ਭਾਰਤ ਤੋਂ 18 ਦੇ ਕਰੀਬ ਰਾਜਾਂ ਤੋਂ ਕਈ ਪ੍ਰਕਾਰ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਅਤੇ ਸ਼ਿਲਪਕਾਰ ਉੱਚੇਚੇ ਤੌਰ 'ਤੇ ਪਹੁੰਚੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਵੰਨਗੀਆਂ ਦੇ ਕਈ ਕਲਾਕਾਰ ਅਤੇ ਸੱਭਿਆਚਾਰਕ ਟੋਲੇ ਵੀ ਉੱਚੇਚੇ ਤੌਰ 'ਤੇ ਮੇਲੇ ਵਿੱਚ ਪਹੁੰਚੇ ਹਨ। ਮੇਲੇ ਦੀਆਂ ਰੌਣਕਾਂ ਨੂੰ ਚਾਰ-ਚੰਨ ਲਾਉਣ ਅਤੇ ਬੱਚਿਆਂ ਦੇ ਮਨੋਰੰਜਨ ਵਿੱਚ ਵਾਧਾ ਕਰਨ ਲਈ ਵੰਨ-ਸੁਵੰਨੇ ਝੂਲੇ ਵੀ ਵਿਸ਼ੇਸ਼ ਖਿੱਚ ਦਾ ਕਰਨ ਬਣੇ ਹੋਏ ਹਨ।

ਇਸ ਮੇਲੇ ਵਿੱਚ ਦੂਸਰੇ ਰਾਜਾਂ ਦੇ ਦੁਕਾਨਦਾਰਾਂ ਤੋਂ ਇਲਾਵਾ ਇਲਾਕੇ ਦੇ ਕੁਝ ਸੈਲਫ-ਹੈਲਪ ਗਰੁੱਪਾਂ ਵੱਲੋਂ ਵੀ ਆਪਣੇ ਸਮਾਨ ਦੀ ਵਿਕਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮਸ਼ਹੂਰ ਮੇਲਾ ਬਟਾਲਾ ਵਿਖੇ ਪਹਿਲੀ ਵਾਰ ਲੱਗਿਆ ਹੈ, ਜੋ 25 ਮਾਰਚ ਤੱਕ ਨਿਰੰਤਰ ਲੱਗਿਆ ਰਹੇਗਾ। ਅੱਜ ਮੇਲੇ ਦੇ ਪਹਿਲੇ ਦਿਨ ਹੀ ਸਥਾਨਕ ਲੋਕਾਂ ਦੀ ਵੱਡੀ ਗਿਣਤੀ ਵੱਲੋਂ ਇਸ ਮੇਲੇ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ ਗਿਆ। ਦੂਜੇ ਸੂਬਿਆਂ ਤੋਂ ਆਏ ਸ਼ਿਲਪਕਾਰਾਂ ਦੀਆਂ ਦੁਕਾਨਾਂ ਸਥਾਨਕ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਦੂਜਿਆਂ ਰਾਜਾਂ ਦੇ ਵੰਨ-ਸੁਵੰਨੇ ਅਤੇ ਚੱਟਪਟੇ ਪਕਵਾਨਾਂ ਦੇ ਸਟਾਲ ਵੀ ਮੇਲੇ ਵਿੱਚ ਆਏ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ। ਸਰਕਾਰੀ ਪੱਧਰ 'ਤੇ ਲਗਵਾਏ ਗਏ ਇਸ ਮੇਲੇ ਵਿੱਚ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਸਰਸ ਮੇਲੇ ਵਿੱਚ ਹੋਰ ਵੀ ਭਾਰੀ ਰੌਣਕਾਂ ਲੱਗਣ ਦੀ ਉਮੀਦ ਹੈ।