ਲੱਗਦੈ ਆਟੇ 'ਚੋਂ ਵਾਲ ਕੱਢ ਕੇ ਛੱਡੇਗੀ 'ਸੀਬੀਆਈ'!!!(ਨਿਊਜ਼ਨੰਬਰ ਖਾਸ ਖਬਰ)

Last Updated: Mar 14 2019 17:21

ਬੀਤੇ ਕਰੀਬ ਤਿੰਨ ਦਿਨਾਂ ਤੋਂ ਫਿਰੋਜ਼ਪੁਰ ਕੈਂਟ ਵਿਖੇ ਪੈਰ ਜਮਾਈ ਬੈਠੀ ਸੀਬੀਆਈ ਟੀਮ ਦੇ ਵੱਲੋਂ ਅੱਜ ਤੀਜੇ ਦਿਨ ਵੀ ਸੀਵਰੇਜ ਸਿਸਟਮ ਦੀ ਜਾਂਚ ਕਰਦਿਆਂ ਹੋਇਆ ਸੀਵਰੇਜ ਦੀ ਜਿੱਥੇ ਪੁਟਾਈ ਕੀਤੀ, ਉੱਥੇ ਹੀ ਖੱਡੇ ਵੀ ਖੋਦੇ। ਦੱਸ ਦਈਏ ਕਿ 13 ਕਰੋੜ ਦੀ ਲਾਗਤ ਨਾਲ ਫਿਰੋਜ਼ਪੁਰ ਛਾਉਣੀ ਵਿਖੇ 2013 ਵਿੱਚ ਸੀਵਰੇਜ ਪਾਉਣ ਦਾ ਕੰਮ ਆਰੰਭਿਆ ਗਿਆ ਸੀ, ਜੋ ਕਿ ਕਰੀਬ 5 ਸਾਲ ਜਾਰੀ ਰਿਹਾ। ਇਨ੍ਹਾਂ 5 ਸਾਲਾਂ ਦੇ ਦੌਰਾਨ ਕਰੀਬ 3 ਵਾਰ ਸੀਬੀਆਈ ਟੀਮ ਨੇ ਛਾਪੇਮਾਰੀ ਕੀਤੀ, ਜਦਕਿ ਕਰੀਬ ਦੋ ਵਾਰ ਈਡੀ ਦੀ ਟੀਮ ਵੱਲੋਂ ਵੀ ਛਾਪੇਮਾਰੀ ਕੈਂਟ ਬੋਰਡ ਦੇ ਦਫਤਰ ਕੀਤੀ ਗਈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀਬੀਆਈ ਟੀਮ ਦੇ ਵੱਲੋਂ 12 ਮਾਰਚ ਨੂੰ ਜਦੋਂ ਫਿਰੋਜ਼ਪੁਰ ਕੈਂਟ ਵਿਖੇ ਸੀਵਰੇਜ ਸਿਸਟਮ ਦੀ ਜਾਂਚ ਦਾ ਕੰਮ ਆਰੰਭਿਆ ਸੀ ਤਾਂ ਉਸ ਵੇਲੇ ਕਈ ਜਗ੍ਹਾਵਾਂ ਤੋਂ ਸੜਕਾਂ ਦੀ ਪੁਟਾਈ ਕੀਤੀ ਗਈ ਸੀ ਅਤੇ ਉਸ ਵਕਤ ਸੜਕਾਂ ਦੇ ਥੱਲੇ ਪਏ ਸੀਵਰੇਜ ਦੀ ਜਿੱਥੇ ਜਾਂਚ ਕੀਤੀ ਗਈ ਸੀ, ਉੱਥੇ ਹੀ ਪਾਈਪਾਂ ਆਦਿ ਦੇ ਸੈਂਪਲ ਵੀ ਲਏ ਗਏ ਸੀ। ਅੱਜ ਸੀਬੀਆਈ ਟੀਮ ਦੇ ਵੱਲੋਂ ਖੱਡੇ ਖੋਦਦਿਆ ਹੋਇਆ, ਜਿੱਥੇ ਸੀਵਰੇਜ ਦੀ ਲੰਬਾਈ ਆਦਿ ਚੈਕ ਕੀਤੀ ਗਈ, ਉੱਥੇ ਹੀ ਕਈ ਜਗ੍ਹਾਵਾਂ ਸ਼ੱਕੀ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਟੀਮ ਫਿਰੋਜ਼ਪੁਰ ਕੈਂਟ ਵਿਖੇ ਕਰੀਬ ਇੱਕ ਹਫਤਾ ਰਹੇਗੀ ਅਤੇ ਜਾਂਚ ਕਰੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੇ ਵੱਲੋਂ ਜੋ ਪਰਚਾ ਕੈਂਟ ਬੋਰਡ ਵਿੱਚ ਪਏ ਸੀਵਰੇਜ ਘੁਟਾਲੇ ਸਬੰਧੀ ਦਰਜ ਕੀਤਾ ਗਿਆ ਸੀ, ਉਸ ਦੇ ਬਾਰੇ ਵਿੱਚ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀਬੀਆਈ ਨੇ ਜਿਨ੍ਹਾਂ ਲੋਕਾਂ ਦੇ ਨਾਮ ਉਕਤ ਸੀਵਰੇਜ ਘੁਟਾਲੇ ਨਾਲ ਸਬੰਧਤ ਐਫਆਈਆਰ ਵਿੱਚ ਦਰਜ ਕੀਤੇ ਗਏ ਸਨ, ਉਨ੍ਹਾਂ 'ਤੇ ਵੀ ਗਾਜ਼ ਡਿੱਗ ਸਕਦੀ ਹੈ।

ਦੋਸਤੋਂ, ਤੁਹਾਨੂੰ ਇਹ ਵੀ ਦੱਸ ਦਈਏ ਕਿ ਕੈਂਟ ਬੋਰਡ ਦਫਤਰ ਫਿਰੋਜ਼ਪੁਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੈਰ ਜਮਾਈ ਬੈਠੇ ਕਈ ਸੀਨੀਅਰ ਅਧਿਕਾਰੀਆਂ ਦੇ ਵੱਲੋਂ 2013 ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੇਲੇ ਕੁਝ ਅਕਾਲੀ ਕੌਂਸਲਰਾਂ ਦੇ ਨਾਲ ਮਿਲ ਕੇ ਸੀਵਰੇਜ ਸਬੰਧੀ ਠੇਕਾ ਆਪਣੇ ਬੰਦਿਆਂ ਨੂੰ ਚੁੱਕਵਾ ਕੇ ਸੀਵਰੇਜ ਸਬੰਧੀ ਕੰਮ ਸ਼ੁਰੂ ਕਰਵਾ ਦਿੱਤਾ ਸੀ। ਪਰ ਜਦੋਂ ਪੈ ਰਹੇ ਸੀਵਰੇਜ ਵਿੱਚ ਕੁਝ ਕਮੀਆਂ ਸਾਹਮਣੇ ਆਈਆਂ ਤਾਂ ਇੱਕ ਕੌਂਸਲਰ ਦੇ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਕੁਝ ਸੂਝਵਾਨ ਲੋਕਾਂ ਨੂੰ ਨਾਲ ਲੈ ਕੇ ਸੀਵਰੇਜ ਮਾਮਲੇ ਦੀ ਜਾਂਚ ਕਰਵਾਉਣ ਲਈ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਜਿੱਥੇ ਕਥਿਤ ਤੌਰ 'ਤੇ ਰਿਸ਼ਵਤ ਆਦਿ ਲੈ ਕੇ ਸੀਵਰੇਜ ਸਿਸਟਮ ਨੂੰ ਸਹੀ ਪਾਇਆ, ਉੱਥੇ ਹੀ ਉਕਤ ਕੌਂਸਲਰ ਦੇ ਵੱਲੋਂ ਫਿਰ ਤੋਂ ਲੋਕਾਂ ਨੂੰ ਨਾਲ ਲੈ ਕੇ ਸੀਬੀਆਈ ਦਾ ਦਰਵਾਜਾ ਖੜਕਾਇਆ ਅਤੇ ਪੈ ਰਹੇ ਸੀਵਰੇਜ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸੀਬੀਆਈ ਨੇ ਜਦੋਂ ਪਹਿਲੀ ਵਾਰ ਜਾਂਚ ਕੀਤੀ ਤਾਂ ਕਈ ਪ੍ਰਕਾਰ ਦੀ ਕਮੀਆਂ ਸਾਹਮਣੇ ਆਈਆਂ, ਜਿਸ ਨੂੰ ਨੋਟ ਕਰਨ ਤੋਂ ਬਾਅਦ ਸੀਬੀਆਈ ਟੀਮ ਵਾਪਸ ਚਲੀ ਗਈ। ਕਰੀਬ ਇੱਕ ਸਾਲ ਮਾਮਲਾ ਠੰਡਾ ਮੱਠਾ ਰਿਹਾ, ਪਰ ਸਾਲ ਮਗਰੋਂ ਫਿਰ ਫਿਰੋਜ਼ਪੁਰ ਕੈਂਟ ਸੀਬੀਆਈ ਟੀਮ ਪਹੁੰਚੀ।

ਸੀਬੀਆਈ ਦੇ ਵੱਲੋਂ ਜਿੱਥੇ ਰਿਕਾਰਡ ਦੀ ਛਾਣਬੀਨ ਕੀਤੀ, ਉੱਥੇ ਹੀ ਕਈ ਬਿੱਲਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਅਤੇ ਕਾਰਵਾਈ ਕਰਦਿਆਂ ਹੋਇਆ ਸੀਵਰੇਜ ਪਾਉਣ ਵਾਲੇ ਠੇਕੇਦਾਰਾਂ ਸਮੇਤ ਕੈਂਟ ਬੋਰਡ ਦੇ ਅਧਿਕਾਰੀਆਂ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਕਰੀਬ 3 ਸਾਲ ਚੱਲਿਆ, ਪਰ ਕੋਈ ਵੀ ਹੱਲ ਨਾ ਨਿਕਲ ਸਕਿਆ। ਇਸ ਵਾਰ ਜਦੋਂ 12 ਮਾਰਚ 2019 ਨੂੰ ਫਿਰੋਜ਼ਪੁਰ ਕੈਂਟ ਵਿਖੇ ਸੀਬੀਆਈ ਟੀਮ ਪਹੁੰਚੀ ਤਾਂ ਇਹ ਅਸਾਰ ਲਗਾਇਆ ਜਾ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਦੇ ਨਾਮ ਐਫਆਈਆਰ ਵਿੱਚ ਦਰਜ ਹਨ, ਉਨ੍ਹਾਂ ਨੂੰ ਟੀਮ ਗ੍ਰਿਫਤਾਰ ਕਰੇਗੀ।

ਪਰ ਅਜਿਹਾ ਨਹੀਂ ਹੋਇਆ। ਸੀਬੀਆਈ ਟੀਮ ਦੇ ਵੱਲੋਂ ਜਿੱਥੇ ਇਸ ਵਾਰ ਫਿਰ ਤੋਂ ਸੀਵਰੇਜ ਅਤੇ ਸੜਕਾਂ ਆਦਿ ਪੁੱਟ ਕੇ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਕਈ ਕੈਂਟ ਬੋਰਡ ਨਾਮਵਰ ਅਧਿਕਾਰੀਆਂ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕਰਦਿਆਂ ਹੋਇਆ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਇਲਾਵਾ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੈਂਟ ਬੋਰਡ ਫਿਰੋਜ਼ਪੁਰ ਛਾਉਣੀ ਦੇ ਕੌਂਸਲਰ ਸੁਨੀਲ ਕੁਮਾਰ ਸ਼ੀਲਾ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਛਾਉਣੀ ਵਿੱਚ ਸੀਵਰੇਜ ਪਾਉਣ ਵੇਲੇ ਕੈਂਟ ਬੋਰਡ ਦੇ ਅਧਿਕਾਰੀਆਂ ਵੱਲੋਂ ਵਰਤੀਆਂ ਗਈਆਂ ਕਈ ਕੁਤਾਈਆਂ ਦੀ ਜਾਂਚ ਹੋਣੀ ਜ਼ਰੂਰੀ ਸੀ।

ਕੌਂਸਲਰ ਸ਼ੀਲਾ ਨੇ ਸਪਸ਼ਟ ਕੀਤਾ ਕਿ ਸੀਵਰੇਜ ਘੁਟਾਲੇ ਨੂੰ ਲੈ ਕੇ ਜਿਹੜਾ ਵੀ ਅਵਾਜ ਉਠਾਉਂਦਾ ਸੀ, ਉਸ ਦੇ ਖਿਲਾਫ ਕੈਂਟ ਬੋਰਡ ਵੱਲੋਂ ਕਾਰਵਾਈ ਕਰਦਿਆਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਸ਼ੀਲਾ ਨੇ ਦੋਸ਼ ਲਗਾਇਆ ਕਿ ਉਸ ਦੇ ਵਿਰੁੱਧ ਵੀ ਫਿਰੋਜ਼ਪੁਰ ਕੈਂਟ ਬੋਰਡ ਦੇ ਅਧਿਕਾਰੀਆਂ ਨੇ ਕਈ ਮਾਮਲੇ ਦਰਜ ਕਰਵਾਏ ਹਨ। ਸ਼ੀਲਾ ਨੇ ਦੋਸ਼ ਲਗਾਇਆ ਕਿ ਸੀਬੀਆਈ ਦੀ ਜਾਂਚ ਨੂੰ ਵੀ ਕਈ ਵਾਰ ਅਧਿਕਾਰੀਆਂ ਵੱਲੋਂ ਰੋਕਣ ਦੀਆਂ ਕੋਸ਼ਿਸ਼ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਛੇਤੀ ਹੀ ਹੋ ਜਾਵੇਗਾ।