Loading the player...

ਸਵਾਈਨ ਫਲੂ ਦੀ ਵਜ੍ਹਾ ਨਾਲ ਜ਼ਿਲ੍ਹੇ 'ਚ ਹੋਈ ਤੀਜੀ ਮੌਤ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 14 2019 16:36

ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਸਵਾਈਨ ਫਲੂ ਦੀ ਬਿਮਾਰੀ ਨਾਲ ਪਠਾਨਕੋਟ ਵਿੱਚ ਤੀਜੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਦੋ ਮਹੀਨਿਆਂ ਵਿੱਚ ਹੁਣ ਤੱਕ ਸਵਾਈਨ ਫਲੂ ਨਾਲ 3 ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਹੁਣ ਜਿਸ ਮਹਿਲਾ ਦੀ ਮੌਤ ਸਵਾਈਨ ਫਲੂ ਨਾਲ ਹੋਈ ਹੈ ਉਸ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਜਿਸਦੇ ਚਲਦੇ ਉਸਦਾ ਇਲਾਜ ਜਲੰਧਰ ਦੇ ਨਿਜੀ ਹਸਪਤਾਲ 'ਚ ਚੱਲ ਰਿਹਾ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤੇ ਇਸਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਿਵਲ ਹਸਪਤਾਲ ਪਠਾਨਕੋਟ ਵਿੱਚ ਮਹਿਲਾ ਦੀ ਮੌਤ ਦੀ ਰਿਪੋਰਟ ਆਈ। ਇਸ ਤੋਂ ਇਲਾਵਾ 22 ਸ਼ੱਕੀ ਸਵਾਈਨ ਫਲੂ ਦੇ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿੱਚ ਚੱਲ ਰਿਹਾ ਹੈ। ਫਿਲਹਾਲ ਸਿਹਤ ਵਿਭਾਗ ਵੱਲੋਂ ਇਹਤਿਆਤ ਦੇ ਤੌਰ ਤੇ ਮ੍ਰਿਤਕ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਸ਼ਖਸ ਨੂੰ ਦਵਾਈ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਹਤਿਆਤ ਵਰਤਣ ਲਈ ਹਿਦਾਇਤ ਕੀਤੀ ਜਾ ਰਹੀ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐਸ.ਐਮ.ਓ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਨਿਜੀ ਹਸਪਤਾਲ ਤੋਂ ਆਈ ਰਿਪੋਰਟ ਮੁਤਾਬਕ ਮ੍ਰਿਤਕ ਦੀ ਸਵਾਈਨ ਫਲੂ ਨਾਲ ਮੌਤ ਹੋਈ ਹੈ। ਜ਼ਿਲ੍ਹੇ 'ਚ ਸਵਾਈਨ ਫਲੂ ਦੀ ਵਜ੍ਹਾ ਨਾਲ ਹੋਈ ਇਹ ਤੀਜੀ ਮੌਤ ਹੈ। ਇਸਦੇ ਚਲਦੇ ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਵ ਰੱਖਣ ਦੀ ਅਪੀਲ ਕੀਤੀ ਗਈ ਹੈ।