ਟਕਸਾਲੀਆਂ ਨੇ ਲਾਈ ਸ਼੍ਰੋਮਣੀ ਅਕਾਲੀ ਦਲ ਨੂੰ ਸੰਨ੍ਹ, ਬਾਦਲਾਂ ਦਾ ਨਜ਼ਦੀਕੀ ਚੜ੍ਹਾਇਆ ਆਪਣੇ ਬੇੜੇ ਵਿੱਚ

Last Updated: Mar 14 2019 15:50

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਟਕਸਾਲੀ ਅਕਾਲੀ ਦਲ ਵੱਲੋਂ ਬਾਦਲਾਂ ਨੂੰ ਵੱਡਾ ਝਟਕਾ ਦਿੰਦਿਆਂ ਹੋਇਆ ਅੱਜ ਬਾਦਲ ਪਰਿਵਾਰ ਦੇ ਨਜ਼ਦੀਕੀ ਬੱਬੀ ਬਾਦਲ ਨੂੰ ਆਪਣੇ ਬੇੜੇ ਵਿੱਚ ਸਵਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਬੱਬੀ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਬਾਦਲ ਪਰਿਵਾਰ ਲਈ ਸੰਕੇਤ ਹੈ ਕਿ ਆਉਂਦੇ ਦਿਨਾਂ ਵਿੱਚ ਹੋਰ ਵੀ ਕਈ ਆਗੂ ਉਨ੍ਹਾਂ ਦੀ ਡੁਬਦੀ ਬੇੜੀ ਤੋਂ ਛਾਲਾਂ ਮਾਰ ਮਾਰ ਕੇ ਭੁੰਜੇ ਉਤਰ ਆਉਣਗੇ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਡੇਰਾ ਸਿਰਸਾ ਮੁਖੀ ਦੀ ਮੁਆਫੀ ਦੇ ਮੁੱਦੇ ਨੂੰ ਲੈ ਕੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜ਼ਨਾਲਾ ਅਤੇ ਹੋਰ ਸੀਨੀਅਰ ਅਕਾਲੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਸਾਡੀ ਨਹੀਂ ਸੁਣੀ ਤੇ ਹਮੇਸ਼ਾ ਹੀ ਆਪਣੀ ਮਰਜੀ ਕਰਦੇ ਰਹੇ ਹਨ ਤੇ ਤਾਨਾਸ਼ਾਹੀ ਫੈਸਲੇ ਸੁਣਾਉਂਦੇ ਰਹੇ ਹਨ ਜਿਸ ਕਰਕੇ ਸਾਨੂੰ ਮਜਬੂਰੀ ਵੱਸ ਪਾਰਟੀ ਤੋਂ ਆਪਣੇ ਆਪ ਨੂੰ ਅਲੱਗ ਕਰਨਾ ਪਿਆ ਸੀ।

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਇਨ੍ਹਾਂ ਸੀਨੀਅਰ ਆਗੂਆਂ ਨੇ ਆਪਣੀ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਈ ਸੀ ਤੇ ਬਾਦਲ ਪਰਿਵਾਰ ਨੂੰ ਸਿੱਧੀ ਸਿੱਧੀ ਚੁਣੌਤੀ ਦੇ ਦਿੱਤੀ ਸੀ। ਹੁਣ ਜਦ ਕਿ ਲੋਕਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਭ ਤੋਂ ਪਹਿਲਾਂ ਟਕਸਾਲੀਆਂ ਦੇ ਪ੍ਰਧਾਨ ਬ੍ਰਹਮਪੁਰਾ ਦੇ ਗੜ ਵਿੱਚ ਆਪਣਾ ਪਹਿਲਾ ਉਮੀਦਵਾਰ ਦਾ ਐਲਾਨ ਕਰਕੇ ਲਲਕਾਰਿਆ ਸੀ। ਅਜੇ ਜੂਨੀਅਰ ਬਾਦਲ ਦੀ ਲਲਕਾਰ ਨੂੰ ਦੋ ਦਿਨ ਵੀ ਮਹਿਜ਼ ਨਹੀਂ ਸਨ ਬੀਤੇ ਕਿ ਟਕਸਾਲੀਆਂ ਨੇ ਵੀ ਬਾਦਲ ਪਰਿਵਾਰ ਵਿੱਚ ਸੰਨ੍ਹ ਲਾਉਣ ਦਾ ਕੰਮ ਕਰ ਦਿੱਤਾ ਤੇ ਬਾਦਲਾਂ ਦੇ ਨਜ਼ਦੀਕੀ ਗਿਣੇ ਜਾਂਦੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਆਪਣੇ ਨਾਲ ਰਲਾ ਲਿਆ ਹੈ ਜਿਸ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਵਿੱਚ ਅਜਿਹੇ ਕਈ ਤਰ੍ਹਾਂ ਦੇ ਜੋੜ ਤੋੜ ਵੇਖਣ ਨੂੰ ਹੋਰ ਵੀ ਮਿਲ ਸਕਦੇ ਹਨ। ਬਾਕੀ ਹੁਣ ਇਹ ਤਾਂ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਹੀ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਟਕਸਾਲੀਆਂ ਨੇ ਕੀ ਖੱਟਿਆ ਹੈ ਤੇ ਕੀ ਗਵਾਇਆ ਹੈ ਪਰ ਵੈਸੇ ਇਸ ਸਮੇਂ ਟਕਸਾਲੀਆਂ ਵਿੱਚ ਜੋਸ਼ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਜ਼ਿਆਦਾਤਰ ਟਕਸਾਲੀ ਬਾਕੀ ਸਿਆਸੀ ਪਾਰਟੀਆਂ ਨਾਲੋਂ ਅਕਾਲੀ ਦਲ ਨੂੰ ਨਬੇੜਨ ਵੱਲ ਹੀ ਜ਼ਿਆਦਾ ਤਰਜੀਹ ਦੇ ਰਹੇ ਦਿਸ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।