ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਲਈ ਬਿਲਕੁਲ ਸਰਲ ਸ਼ਰਤਾਂ ਨਿਰਧਾਰਿਤ ਹੋਣ

Last Updated: Mar 14 2019 14:55

ਦੇਸ਼ ਦੀ ਵੰਡ ਤੋਂ ਬਾਅਦ ਗਵਾਂਢੀ ਮੁਲਕ ਪਾਕਿਸਤਾਨ ਵਿੱਚ ਰਹਿ ਗਏ ਕਈ ਇਤਿਹਾਸਿਕ ਗੁਰਧਾਮਾਂ ਦੇ ਖੁੱਲੇ ਦਰਸ਼ਨ-ਦੀਦਾਰਿਆਂ ਲਈ ਪਿਛਲੇ ਸੱਤ ਦਹਾਕਿਆਂ ਤੋਂ ਪੂਰੇ ਜਗਤ ਵਿੱਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਨਿਰੰਤਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਦੇਵ ਜੀ ਨਾਲ ਸਬੰਧਿਤ ਬਹੁਤ ਸਾਰੇ ਇਤਿਹਾਸਿਕ ਧਾਰਮਿਕ ਅਸਥਾਨ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਸਨ, ਜਿੰਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਗੁਰਦੁਵਾਰਾ ਨਨਕਾਣਾ ਸਾਹਿਬ ਅਤੇ ਜਿਸ ਅਸਥਾਨ `ਤੇ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 17 ਸਾਲ ਦੇ ਕਰੀਬ ਸਮਾਂ ਇੱਕ ਸਧਾਰਣ ਗ੍ਰਹਿਸਥੀ ਦੀ ਤਰਾਂ ਖੇਤੀਬਾੜੀ ਕਰਦੇ ਹੋਏ ਬਿਤਾਇਆ, ਉਹ ਪਵਿੱਤਰ ਅਸਥਾਨ ਗੁਰਦੁਵਾਰਾ "ਸ਼੍ਰੀ ਕਰਤਾਰਪੁਰ ਸਾਹਿਬ" ਵੀ ਪਾਕਿਸਤਾਨ ਵਿੱਚ ਮੌਜੂਦ ਹੈ। 

ਉਂਝ ਭਾਵੇਂ ਸਿੱਖ ਸੰਗਤਾਂ ਵੱਲੋਂ ਆਪਣੇ ਸਾਰੇ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਨਿਰੰਤਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ, ਪਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬੇ `ਡੇਰਾ ਬਾਬਾ ਨਾਨਕ` ਨਾਲ ਲੱਗਦੀ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੋਂ ਮਸਾਂ ਚਾਰ ਕੁ ਕਿਲੋਮੀਟਰ ਦੀ ਦੂਰੀ `ਤੇ ਸਥਿਤ ਗੁਰਦੁਵਾਰਾ `ਸ਼੍ਰੀ ਕਰਤਾਰਪੁਰ ਸਾਹਿਬ` ਦੇ ਦਰਸ਼ਨਾਂ ਲਈ ਬਿਨਾਂ ਸ਼ਰਤ ਲਾਂਘਾ ਖੁਲਵਾਉਣ ਵਾਸਤੇ "ਗੁਰਦੁਵਾਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ" ਵੱਲੋਂ ਪਿਛਲੇ 18 ਸਾਲਾਂ ਤੋਂ `ਧੁੱਸੀ-ਬੰਨ੍ਹ` ਡੇਰਾ ਬਾਬਾ ਨਾਨਕ ਵਿਖੇ ਮਹੀਨਾਵਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। 

ਦਹਾਕਿਆਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਅਰਦਾਸਾਂ ਦੇ ਕਾਰਨ ਹੀ ਇਸ ਲਾਂਘੇ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਸਹਿਮਤ ਹੋਈਆਂ ਹਨ, ਅਤੇ ਇਸ ਲਾਂਘੇ ਦੇ ਨਿਰਮਾਣ ਦੀ ਪ੍ਰਕਿਰਿਆ ਵੀ ਪਿਛਲੇ ਕੁਝ ਮਹੀਨਿਆਂ ਤੋਂ ਦੋਵੇਂ ਦੇਸ਼ਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਇਹ ਲਾਂਘਾ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੱਕ ਮੁਕੰਮਲ ਕਰਨ ਦੇ ਦਾਅਵੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਹਨ, ਜਿਸ ਕਾਰਨ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਬਹੁਤ ਪ੍ਰਸੰਨਤਾ ਪਾਈ ਜਾ ਰਹੀ ਹੈ।  

ਇਹ ਵੀ ਬਹੁਤ ਸਕਾਰਾਤਮਕ ਗੱਲ ਹੈ ਕਿ ਪਿਛਲੇ ਦਿਨੀਂ ਦੋਵਾਂ ਦੇਸ਼ਾਂ ਦਰਮਿਆਨ ਅਚਾਨਕ ਬਣੇ ਭਾਰੀ ਤਣਾਅ ਦੇ ਬਾਵਜੂਦ ਇਸ ਲਾਂਘੇ ਦੇ ਨਿਰਮਾਣ ਕਾਰਜਾਂ ਵਿੱਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਵਿਘਨ ਨਹੀਂ ਪਾਇਆ ਗਿਆ। ਇਸ ਲਾਂਘੇ ਦੀ ਰੂਪ-ਰੇਖਾ ਅਤੇ ਲਾਂਘੇ ਦੇ ਸਬੰਧ ਵਿੱਚ ਸਾਰੇ ਲੋੜੀਂਦੇ ਨਿਯਮਾਂ ਬਾਰੇ ਵਿਚਾਰ-ਚਰਚਾ ਕਰਨ ਲਈ ਅੱਜ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਕ ਵਫਦ ਭਾਰਤ ਭੇਜਿਆ ਗਿਆ ਹੈ। ਭਾਰਤ ਦੇ ਅਟਾਰੀ ਬਾਰਡਰ `ਤੇ ਬਣੇ ਕੰਪਲੈਕਸ ਵਿੱਚ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦਰਮਿਆਨ ਹੋਣ ਵਾਲੀ ਮੀਟਿੰਗ ਵਿੱਚ ਕਰਤਾਰਪੁਰ ਲਾਂਘੇ ਸਬੰਧੀ ਸਾਰੀ ਜਾਣਕਾਰੀ ਅਤੇ ਨਿਰਧਾਰਿਤ ਕੀਤੇ ਜਾਣ ਵਾਲੇ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਣੀ ਹੈ। ਇਸ ਮੀਟਿੰਗ ਤੋਂ ਬਾਅਦ ਕਾਫੀ ਗੱਲਾਂ ਸਾਫ ਹੋ ਜਾਣਗੀਆਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਕੀ-ਕੀ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। 

ਉਂਝ ਭਾਵੇਂ ਇਸ ਮੀਟਿੰਗ ਵਿੱਚ ਹੀ ਸਭ ਕੁਝ ਨਿਰਧਾਰਿਤ ਨਹੀਂ ਹੋ ਜਾਣਾ, ਪਰ ਇਸ ਮੀਟਿੰਗ ਨੂੰ ਲੈ ਕੇ ਸਿੱਖ ਸੰਗਤਾਂ ਕਾਫੀ ਉਤਸੁਕ ਹਨ। ਵਧੇਰੇ ਸੰਗਤਾਂ ਦੀ ਇਹੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਜਾਣ ਲਈ ਵੀਜ਼ਾ ਅਤੇ ਪਾਸਪੋਰਟ ਦੀ ਸ਼ਰਤ ਬਿਲਕੁਲ ਨਹੀਂ ਹੋਣੀ ਚਾਹੀਦੀ, ਕਿਉਂਕਿ ਵੱਡੀ ਗਿਣਤੀ ਵਿੱਚ ਲੋਕਾਂ ਕੋਲ ਪਾਸਪੋਰਟ ਨਹੀਂ ਹਨ, ਅਤੇ ਜੇਕਰ ਪਾਸਪੋਰਟ ਦੀ ਸ਼ਰਤ ਲਾਜ਼ਮੀ ਕੀਤੀ ਜਾਂਦੀ ਹੈ, ਤਾਂ ਲੱਖਾਂ ਸੰਗਤਾਂ ਗੁਰਦੁਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹਿ ਜਾਣਗੀਆਂ। ਲੋਕਾਂ ਦਾ ਕਹਿਣਾ ਹੈ ਕਿ ਪਾਸਪੋਰਟ ਦੀ ਜਗ੍ਹਾ ਕੋਈ ਹੋਰ ਪਛਾਣ ਪੱਤਰ ਜਾਂ ਮੌਕੇ `ਤੇ ਕੋਈ ਪਾਸ ਵਗੈਰਾ ਜਾਰੀ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ, ਅਤੇ ਇੱਕ ਦਿਨ ਵਿੱਚ ਵੱਧ ਤੋਂ ਵੱਧ ਸੰਗਤਾਂ ਦੇ ਜਾਣ `ਤੇ ਵੀ ਕੋਈ ਰੋਕ-ਟੋਕ ਨਹੀਂ ਹੋਈ ਚਾਹੀਦੀ, ਅਤੇ ਜੇਕਰ ਰੋਜ਼ਾਨਾ ਜਾਣ ਵਾਲੀਆਂ ਸੰਗਤਾਂ ਦੀ ਕੋਈ ਹੱਦ ਨਿਰਧਾਰਿਤ ਕਰਨੀ ਹੈ ਤਾਂ ਸਰਲ ਤਰੀਕੇ ਨਾਲ ਆਨਲਾਈਨ ਬੁਕਿੰਗ ਦੀ ਵਿਵਸਥਾ ਹੋਣੀ ਚਾਹੀਦੀ ਹੈ, ਤਾਂ ਜੋ ਦੂਰ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਨਾ ਹੋਵੇ। ਇਸ ਤੋਂ ਇਲਾਵਾ ਐਂਟਰੀ ਫੀਸ ਵੀ ਨਾਮਾਤਰ ਹੀ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਨੂੰ ਵੀ ਦਰਸ਼ਨਾਂ ਲਈ ਜਾਣ ਲੱਗਿਆਂ ਮੁਸ਼ਕਿਲ ਨਾ ਹੋਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।