ਸਿਆਸੀ ਲੀਡਰ ਨਹੀਂ ਲਗਾ ਪਾਉਣਗੇ, ਸ਼ਰਾਬ ਦੇ ਲੰਗਰ ਇਸ ਵਾਰ, ਜੇਕਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 14 2019 13:18

ਚੋਣਾਂ ਪ੍ਰਤੀ ਸਾਡੇ ਦੇਸ਼ ਦੀ ਬਹੁਗਿਣਤੀ ਜਨਤਾ ਦੀ ਸੋਚ, ਨੋਟ ਅਤੇ ਸ਼ਰਾਬ ਦੀ ਇੱਕ ਬੋਤਲ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਲੋਕਾਂ ਦੀ ਇੱਕ ਧਾਰਨਾ ਜਿਹੀ ਹੀ ਬਣਕੇ ਰਹਿ ਗਈ ਹੈ ਕਿ, ਚੋਣਾਂ ਦੇ ਦਿਨਾਂ ਵਿੱਚ ਹੀ ਲੀਡਰ ਉਨ੍ਹਾਂ ਦੇ ਕਾਬੂ ਆਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ, ਉਹ ਆਪਣੇ ਘਰ ਆਏ ਕਿਸੇ ਵੀ ਲੀਡਰ ਨੂੰ ਖ਼ਾਲੀ ਨਹੀਂ ਮੋੜਦੇ, ਉਹ ਉਨ੍ਹਾਂ ਦੀ ਪਾਰਟੀ ਦੇ ਹੱਕ 'ਚ ਭੁਗਤਣ ਦਾ ਵਾਅਦਾ ਕਰਕੇ ਉਨ੍ਹਾਂ ਪਾਸੋਂ, ਵੋਟ ਬਦਲੇ ਨੋਟ ਤੇ ਬੋਤਲਾਂ ਭਾਲਦੇ ਹਨ। 

ਭਾਵੇਂਕਿ, ਵੋਟ ਬਦਲੇ ਨੋਟ ਤੇ ਸ਼ਰਾਬ ਦੇਣ ਦੀ ਇਹ ਰਵਾਇਤ ਲੀਡਰਾਂ ਦੀ ਹੀ ਪੈਦਾ ਕੀਤੀ ਹੋਈ ਹੈ, ਪਰ ਇਹ ਹੁਣ ਉਨ੍ਹਾਂ ਦੀ ਇੱਕ ਮਜਬੂਰੀ ਜਿਹੀ ਬਣ ਕੇ ਵੀ ਰਹਿ ਗਈ ਹੈ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ, ਨੋਟ ਤੇ ਸ਼ਰਾਬ ਤੋਂ ਬਿਨਾਂ ਨਾ ਹੀ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਉਣੀਆਂ ਹਨ, ਤੇ ਨਾ ਹੀ ਉਨ੍ਹਾਂ ਦੀਆਂ ਰੈਲੀਆਂ ਵਿੱਚ ਆਕੇ ਬਹਿਣਾ ਹੈ। 

ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਸਾਰੀਆਂ ਪਾਰਟੀਆਂ ਨੇ ਆਪਣਾ ਪ੍ਰਚਾਰ ਵੀ ਤੇਜ਼ ਕਰ ਦਿੱਤਾ ਹੈ। ਪ੍ਰਚਾਰ ਲਈ ਸਿਆਸੀ ਪਾਰਟੀਆਂ ਰੈਲੀਆਂ ਤੇ ਨੁੱਕੜ ਮੀਟਿੰਗਾਂ ਵਿੱਚ ਰੁੱਝ ਗਈਆਂ ਹਨ। ਕੇਵਲ ਵੋਟਾਂ ਲਈ ਹੀ ਨਹੀਂ, ਲੀਡਰਾਂ ਨੂੰ ਚੋਣ ਰੈਲੀਆਂ ਤੇ ਮੀਟਿੰਗਾਂ ਲਈ ਵੀ ਲੋਕਾਂ ਦੇ ਵੱਧ ਤੋਂ ਵੱਧ ਸਿਰਾਂ ਦੀ ਲੋੜ ਪੈਂਦੀ ਹੈ, ਜਿਹੜੇ ਕਿ ਫ਼ੋਟੋਆਂ ਦੀ ਸ਼ਾਨ ਵਧਾ ਸਕਣ। ਜ਼ਾਹਿਰ ਹੈ ਕਿ, ਚੋਣ ਰੈਲੀਆਂ ਤੇ ਨੁੱਕੜ ਮੀਟਿੰਗਾਂ ਦਾ ਸ਼ਿੰਗਾਰ ਬਣੇ ਲੋਕਾਂ ਦੇ ਖਾਣ ਪੀਣ ਤੇ ਉਨ੍ਹਾਂ ਦੇ ਕਿਰਾਏ ਭਾੜਿਆਂ ਦਾ ਬੰਦੋਬਸਤ ਵੀ ਸਿਆਸੀ ਪਾਰਟੀਆਂ ਨੂੰ ਹੀ ਕਰਨਾ ਪੈਂਦਾ ਹੈ। 

ਗੱਲ ਕਰੀਏ ਹੁਣ ਜੇਕਰ ਚੋਣ ਕਮਿਸ਼ਨ ਦੀ ਤਾਂ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਸੂਬੇ ਦੇ ਤਮਾਮ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਹੈ ਕਿ, ਚੋਣਾਂ ਦੇ ਦੌਰਾਨ ਕਿਸੇ ਵੀ ਹਾਲਤ ਵਿੱਚ ਕੋਈ ਵੀ ਸਿਆਸੀ ਪਾਰਟੀ ਸ਼ਰਾਬ ਵਰਤਾਉਣ ਵਿੱਚ ਕਾਮਯਾਬ ਨਾ ਹੋਵੇ। ਇਸਦੇ ਨਾਲ ਹੀ ਮੁੱਖ ਚੋਣ ਅਧਿਕਾਰੀ ਨੇ ਇਹਨਾਂ ਹੁਕਮਾਂ ਦਾ ਉਲੰਘਣ ਹੋਣ ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਹੀ ਜਵਾਬਦੇਹ ਬਣਾਉਣ ਦੀ ਵੀ ਗੱਲ ਕੀਤੀ ਹੈ। 

ਦੋਸਤੋ, ਜੇਕਰ ਮੁੱਖ ਚੋਣ ਅਧਿਕਾਰੀ ਆਪਣੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਜਾਪਦਾ ਨਹੀਂ ਕਿ, ਸਿਆਸੀ ਲੀਡਰ ਲੋਕ ਸਭਾ ਚੋਣਾਂ ਦੇ ਦੌਰਾਨ ਸ਼ਰਾਬ ਦੇ ਲੰਗਰ ਚਲਾ ਪਾਉਣਗੇ। ਅਲੋਚਕਾਂ ਦੀ ਮੰਨੀਏ ਤਾਂ, ਅਜਿਹੇ ਹੁਕਮ ਚੋਣਾਂ ਦੇ ਦੌਰਾਨ ਅਕਸਰ ਜਾਰੀ ਹੁੰਦੇ ਹੀ ਰਹਿੰਦੇ ਹਨ, ਤੇ ਇਹ ਹੁਕਮ ਫਾਈਲਾਂ ਦੇ ਵਿੱਚ ਹੀ ਦਬਕੇ ਵੀ ਰਹਿ ਜਾਂਦੇ ਹਨ। ਅੱਜ ਤੱਕ ਤਾਂ ਅਜਿਹਾ ਕਦੇ ਹੋਇਆ ਨਹੀਂ ਕਿ, ਚੋਣਾ ਦੇ ਦੌਰਾਨ ਨੋਟ ਤੇ ਬੋਤਲ ਨਾ ਚੱਲੀ ਹੋਵੇ, ਇਸ ਵਾਰ ਵੀ ਨਹੀਂ ਚੱਲੇਗੀ, ਪੂਰੇ ਯਕੀਨ ਨਾਲ ਇਹ ਵੀ ਨਹੀਂ ਕਿਹਾ ਜਾ ਸਕਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।