ਕੈਨੇਡਾ ਤੋਂ ਪੰਜਾਬੀਆਂ ਨੂੰ ਜੋੜੇਗਾ 'ਰੇਡੀਓ ਜੀ ਪੰਜਾਬ'

Last Updated: Mar 08 2019 11:51
Reading time: 1 min, 9 secs

ਰੇਡੀਓ ਆਧੁਨਿਕਰਣ ਦਾ ਇੱਕ ਅਜਿਹਾ ਅਵਿਸ਼ਕਾਰ, ਜਿਸਨੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਜਦੋਂ ਲੋਕਾਂ ਦੇ ਕੋਲ ਟੀਵੀ ਅਤੇ ਫੋਨ ਵਰਗੇ ਸਾਧਨ ਨਹੀਂ ਸਨ ਉਦੋਂ ਰੇਡੀਓ ਨੇ ਹੀ ਹਰ ਤਰ੍ਹਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿੱਚ ਲੋਕਾਂ ਦਾ ਸਾਥ ਨਿਭਾਇਆ। ਪਰ ਕਹਿੰਦੇ ਹਨ ਕਿ ਸਮਾਂ ਬਲਵਾਨ ਹੈ ਜਿਸ ਦੇ ਤਹਿਤ ਨਵੇਂ ਅਵਿਸ਼ਕਾਰ ਹੁੰਦੇ ਗਏ ਅਤੇ ਲੋਕ ਰੇਡੀਓ ਦੀ ਕੀਮਤ ਨੂੰ ਭੁੱਲ ਗਏ। ਪੰਜਾਬੀਆਂ ਵਿੱਚ ਰੇਡੀਓ ਦਾ ਚਾਅ ਵਧਾਉਣ ਲਈ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਵੈਬ ਰੇਡੀਓ "ਰੇਡੀਓ ਜੀ ਪੰਜਾਬ" ਆਰੰਭ ਕੀਤਾ ਗਿਆ ਹੈ। ਸ਼ੁਰੂ ਹੋਏ ਇਸ 24 ਘੰਟੇ ਚੱਲਣ ਵਾਲੇ ਰੇਡੀਓ ਦਾ ਮੁੱਖ ਦਫ਼ਤਰ ਕੈਨੇਡਾ ਵਿਖੇ ਹੈ ਅਤੇ ਇੱਕ ਸਟੂਡੀਓ ਪਟਿਆਲਾ ਵਿਖੇ ਵੀ ਸਥਿਤ ਹੈ। ਰੇਡੀਓ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਦੇਸ਼ ਅਤੇ ਵਿਦੇਸ਼ਾਂ ਵਿੱਚ ਲੋਕਾਂ ਨੂੰ ਜੋੜੇ ਰੱਖਣਾ ਹੈ। ਰੇਡੀਓ ਦੇ ਰਸਮੀ ਉਦਘਾਟਨ ਮੌਕੇ ਦੱਸਿਆ ਗਿਆ ਕਿ ਇਹ ਰੇਡੀਓ ਕੈਨੇਡਾ, ਆਸਟਰੇਲੀਆ ਆਦਿ ਸਾਰੇ ਦੇਸ਼ਾਂ ਵਿੱਚ ਮੋਬਾਈਲਾਂ ਅਤੇ ਮੋਬਾਈਲ ਐਪ ਰਾਹੀਂ ਕਾਰਾਂ, ਟਰੱਕਾਂ ਆਦਿ ਵਿੱਚ 24 ਘੰਟੇ ਸੁਣਿਆ ਜਾ ਸਕਦਾ ਹੈ। "ਰੇਡੀਓ ਜੀ ਪੰਜਾਬ" ਟਾਕ ਸ਼ੋਅ "ਖਬਰਸਾਰ" ਵਿੱਚ ਡਾ.ਹਰਜਿੰਦਰ ਵਾਲੀਆ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਸਤਨਾਮ ਸਿੰਘ ਸੰਧੂ, ਦਰਸ਼ਨ ਸਿੰਘ ਦਰਸ਼ਕ, ਸੱਤਪਾਲ ਸਿੰਘ ਸਿੱਧੂ, ਡਾ. ਭੀਮਇੰਦਰ, ਸੁਰਿੰਦਰ ਸਿੰਘ ਬਾਬਾ, ਡਾ. ਕੇਹਰ ਸਿੰਘ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਆਦਿ ਦੇ ਵਿਚਾਰ ਸੁਣੇ ਜਾ ਸਕਦੇ ਹਨ। "ਕਲਮ ਅਤੇ ਕਰਾਮਾਤ" ਪ੍ਰੋਗਰਾਮ ਵਿੱਚ ਨਵੇਂ ਕਵੀਆਂ ਅਤੇ ਗੀਤਕਾਰਾਂ ਨੂੰ ਸੁਣਿਆ ਜਾ ਸਕਦਾ ਹੈ। ਸਾਹਿਤਕ ਕਹਾਣੀਆਂ ਆਧਾਰਤ ਪ੍ਰੋਗਰਾਮ ਯਾਦਾਂ ਦੇ ਝਰੋਖੇ 'ਚੋਂ, ਸ਼ਾਇਰ ਹਾਜ਼ਰ ਹੈ ਅਤੇ ਹੋਰ ਸਾਰੇ ਸਾਹਿਤਕ ਅਤੇ ਸਮਾਜਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ।