ਜ਼ਿਲ੍ਹਾ ਫਾਜ਼ਿਲਕਾ 'ਚ ਸੌ ਫੀਸਦੀ ਜ਼ਮੀਨੀ ਰਿਕਾਰਡ ਹੋਇਆ ਆਨਲਾਈਨ

Last Updated: Feb 21 2019 16:56
Reading time: 1 min, 56 secs

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੇ ਫਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ 'ਚ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਹਨ। ਜ਼ਿਲ੍ਹੇ ਦੇ 6 ਫਰਦ ਕੇਂਦਰਾਂ ਤੋਂ ਮਹੀਨਾ ਜਨਵਰੀ 2019 'ਚ 12418 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਤਸਦੀਕਸ਼ੁਦਾ ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਫਰਦ ਕੇਂਦਰਾਂ ਤੋਂ ਲਗਭਗ 16 ਲੱਖ ਦੀ ਆਮਦਨ ਵੀ ਹੋ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਫਰਦ ਕੇਂਦਰਾਂ 'ਚ ਸੌ ਫੀਸਦੀ ਜ਼ਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ। ਜ਼ਿਲ੍ਹੇ ਦੇ ਸਾਰੇ 362 ਪਿੰਡਾਂ ਤੋਂ ਇਲਾਵਾ ਸ਼ਹਿਰੀ ਖੇਤਰ ਨਾਲ ਸਬੰਧਤ ਆਨਲਾਈਨ ਹੋ ਚੁੱਕੇ ਜ਼ਮੀਨੀ ਰਿਕਾਰਡ ਨੂੰ ਕਿਸੇ ਵੀ ਸਮੇਂ ਅਤੇ ਕਿਤੇ ਵੀ ਬੈਠ ਕੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਦ ਕੇਂਦਰਾਂ ਰਾਹੀਂ ਜਿੱਥੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਲੋਕਾਂ ਨੂੰ ਅਸਾਨ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਰਦ ਕੇਂਦਰ ਫਾਜ਼ਿਲਕਾ ਵਿਖੇ ਜਨਵਰੀ 2019 'ਚ  3499 ਬਿਨੈਕਾਰਾਂ ਨੂੰ 21 ਹਜ਼ਾਰ 987 ਪੰਨੇ, ਅਬੋਹਰ ਵਿਖੇ 3060 ਲੋਕਾਂ ਨੂੰ 20 ਹਜ਼ਾਰ 367 ਪੰਨੇ ਅਤੇ ਜਲਾਲਾਬਾਦ ਵਿਖੇ 2663 ਵਿਅਕਤੀਆਂ ਨੂੰ 16 ਹਜ਼ਾਰ 510 ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੀਤੋ ਗੁੰਨੋ ਵਿਖੇ ਸਥਿਤ ਫਰਦ ਕੇਂਦਰ ਤੋਂ 583 ਬਿਨੈਕਾਰਾਂ ਨੂੰ 5 ਹਜ਼ਾਰ 343 ਪੰਨੇ, ਖੂਈਆਂ ਸਰਵਰ ਫਰਦ ਕੇਂਦਰ ਤੋਂ 904 ਬਿਨੈਕਾਰਾਂ ਨੂੰ 7 ਹਜ਼ਾਰ 399 ਪੰਨੇ ਅਤੇ ਅਰਨੀ ਵਾਲਾ ਫਰਦ ਕੇਂਦਰ ਤੋਂ 1709 ਲੋਕਾਂ ਨੂੰ 10 ਹਜ਼ਾਰ 249 ਪੰਨੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 16 ਲੱਖ 37 ਹਜ਼ਾਰ 100 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਰਦ ਕੇਂਦਰਾਂ ਤੋਂ ਤਸਦੀਕਸ਼ੁਦਾ ਨਕਲਾਂ ਹਾਸਲ ਕਰਨ ਵਿੱਚ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲਗਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਨਕਲ ਪ੍ਰਾਪਤ ਹੋ ਜਾਂਦੀ ਹੈ ਉੱਥੇ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ਰਦ ਕੇਂਦਰਾਂ ਵਿਖੇ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਹੁੰਦਾ, ਉੱਥੇ ਹੀ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਜ਼ਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦਾ ਹੈ ਅਤੇ ਇਸ ਦਾ ਪ੍ਰਿੰਟ ਆਊਟ ਵੀ ਪ੍ਰਾਪਤ ਕਰ ਸਕਦਾ ਹੈ।