ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਮਲਕਪੁਰ ਵਿਖੇ 12ਵੇਂ ਖ਼ੂਨਦਾਨ ਕੈਂਪ ਦਾ ਆਯੋਜਨ

Last Updated: Feb 17 2019 16:54
Reading time: 1 min, 28 secs

ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਥਾਨਾਂ 'ਤੇ ਖ਼ੂਨਦਾਨ ਕੈਂਪ ਲਗਾ ਕੇ ਲੋੜਵੰਦ ਰੋਗੀਆਂ ਦੀਆਂ ਅਨਮੋਲ ਜ਼ਿੰਦਗੀਆਂ ਬਚਾਉਣ ਲਈ ਬਲੱਡ ਬੈਂਕ ਦੇ ਸਟਾਕ ਵਿੱਚ ਵੱਡਾ ਯੋਗਦਾਨ ਪਾਉਣ ਵਾਲੀ ਇਲਾਕੇ ਦੀ ਸਭ ਤੋਂ ਮੋਹਰੀ ਸਮਾਜ ਸੇਵੀ ਸੰਸਥਾ "ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ" ਬਟਾਲਾ ਵੱਲੋਂ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਾਲਿਆਂ ਦੇ ਚਰਨ ਸੇਵਕ ਸਵ. ਬਾਪੂ ਸੰਪੂਰਨ ਸਿੰਘ ਜੀ ਮਲਕਪੁਰ ਵਾਲਿਆਂ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਮਲਕਪੁਰ ਦੇ ਗੁਰਦੁਆਰਾ 'ਤਪ ਅਸਥਾਨ' ਵਿਖੇ ਹੋਏ ਸਲਾਨਾ ਧਾਰਮਿਕ ਸਮਾਗਮ ਦੌਰਾਨ 12ਵਾਂ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਅਤੇ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਵੱਲੋਂ ਕੀਤਾ ਗਿਆ।

ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਸਵਰਨ ਸਿੰਘ ਵੱਲੋਂ 'ਗੁਰੂ ਰਾਮਦਾਸ ਬਲੱਡ ਡੋਨਰਜ਼' ਸੁਸਾਇਟੀ ਵੱਲੋਂ ਨਿਸ਼ਕਾਮ ਭਾਵਨਾ ਨਾਲ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਇਲਾਕੇ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਅਤੇ ਉਕਤ ਸੁਸਾਇਟੀ ਨਾਲ ਜੁੜ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਗਈ। ਇਸ ਖ਼ੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਜਗਤਾਰ ਗੈਂਦ ਬਟਾਲਾ ਅਤੇ ਉੱਘੇ ਸਮਾਜ ਸੇਵਕ ਗੁਰਕੀਰਤ ਸਿੰਘ ਵਡਾਲਾ ਬਾਂਗਰ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ 40 ਤੋਂ ਵੱਧ ਖੂਨਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਵਿੱਚ 'ਮਾਤਾ ਸੁਲੱਖਣੀ ਸਿਵਲ ਹਸਪਤਾਲ' ਬਟਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਸ ਵਿਸ਼ੇਸ਼ ਖ਼ੂਨਦਾਨ ਕੈਂਪ ਬਾਰੇ ਜਾਣਕਾਰੀ ਦਿੰਦਿਆਂ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਬਟਾਲਾ ਦੇ ਪ੍ਰਧਾਨ ਜਵਾਹਰ ਵਰਮਾ ਅਤੇ 'ਆਸ ਫਾਊਂਡੇਸ਼ਨ' ਬਟਾਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਦੀ ਦੂਸਰੀ ਵਰ੍ਹੇਗੰਢ ਨੂੰ ਸਮਰਪਿਤ ਹੈ। ਇਸ ਮੌਕੇ ਪਾਰਸ, ਰੋਹਿਤ, ਅਨਿਲ ਸਹਿਦੇਵ, ਡਾ. ਸ਼ੈਰੀ, ਅਰੁਣ ਕੁਮਾਰ, ਵਰਿੰਦਰ ਸਹਿਗਲ, ਗੁਰਵਿੰਦਰ ਬੈਂਸ, ਅਮਨ ਕਾਹਲੋਂ, ਹਰਪ੍ਰੀਤ ਭਾਗੋਵਾਲ, ਗੁਰਪ੍ਰੀਤ ਵਡਾਲਾ ਬਾਂਗਰ, ਓਂਕਾਰ ਸਿੰਘ, ਅਰਜੁਨ, ਰਾਜੂ, ਪ੍ਰਦੀਪ ਬੇਦੀ, ਗਗਨਦੀਪ, ਮੈਡਮ ਰੇਨੂ ਸ਼ਰਮਾ, ਜਰਨੈਲ, ਸਿਮਰਜੀਤ, ਹਰਪ੍ਰੀਤ, ਗੁਰਜੰਟ ਸਿੰਘ ਤਲਵੰਡੀ ਝੁੰਗਲਾਂ, ਯੋਗੇਸ਼ ਅਤੇ ਕਪਿਲ ਆਦਿ ਹਾਜ਼ਰ ਸਨ।