ਦੰਦਾਂ ਦੇ ਡਾਕਟਰ ਦੀਆਂ 11 ਪੋਸਟਾਂ ਲਈ ਪੁੱਜੇ ਕਰੀਬ 1100 ਡਾਕਟਰ ਤੇ ਅੱਧੇ ਤੋਂ ਵੱਧ ਫ਼ੇਲ੍ਹ ਵੀ ਹੋਏ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 17 2019 15:47
Reading time: 1 min, 13 secs

ਪੰਜਾਬ ਸਿਹਤ ਵਿਭਾਗ ਦੇ ਵਿੱਚ ਦੰਦਾਂ ਦੇ ਡਾਕਟਰ ਦੀਆਂ 11 ਸਰਕਾਰੀ ਅਸਾਮੀਆਂ ਦੇ ਲਈ ਕਰੀਬ 1100 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਅਤੇ ਇਸ ਵਿੱਚੋਂ ਅੱਧੇ ਤੋਂ ਵੱਧ ਡਾਕਟਰ ਮਹਿਜ਼ 35 ਫ਼ੀਸਦੀ ਪਾਸ ਨੰਬਰ ਵੀ ਨਹੀਂ ਲਿਆ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵੱਲੋਂ ਕਰੀਬ ਇੱਕ ਦਹਾਕੇ ਬਾਅਦ ਇਸ ਅਹੁਦੇ ਦੀਆਂ ਸਰਕਾਰੀ ਅਸਾਮੀਆਂ ਕੱਢੀਆਂ ਗਈਆਂ ਸਨ ਅਤੇ ਇਹਨਾਂ ਅਸਾਮੀਆਂ ਦੇ ਲਈ 1097 ਉਮੀਦਵਾਰ ਪੇਪਰ ਦੇਣ ਪਹੁੰਚੇ ਸਨ। ਇਹਨਾਂ ਉਮੀਦਵਾਰਾਂ ਦੇ 85 ਨੰਬਰ ਦੇ ਪੇਪਰ ਵਿੱਚੋਂ ਅੱਧੇ ਤੋਂ ਵੱਧ ਉਮੀਦਵਾਰ ਤਾਂ ਪਾਸ ਹੋਣ ਜੋਗੇ 29.75 ਨੰਬਰ (35 ਫ਼ੀਸਦੀ) ਵੀ ਨਹੀਂ ਲੈ ਸਕੇ। ਇੰਨੇ ਜ਼ਿਆਦਾ ਉਮੀਦਵਾਰ ਜੋ ਕਿ ਇਸ ਸਮੇਂ ਡਿਗਰੀ ਡਾਕਟਰ ਹਨ ਦੇ ਵੱਲੋਂ ਇਸ ਕਦਰ ਦੇ ਬੁਰੇ ਪ੍ਰੀਖਿਆ ਨਤੀਜੇ ਤੇ ਕਈ ਲੋਕਾਂ ਨੇ ਸਵਾਲ ਖੜੇ ਕੀਤੇ ਹਨ ਅਤੇ ਡਾਕਟਰੀ ਸਿੱਖਿਆ ਦੇ ਡਿਗਦੇ ਪੱਧਰ ਤੇ ਚਿੰਤਾ ਜ਼ਾਹਿਰ ਕੀਤੀ ਹੈ।

ਇੱਥੇ ਦੱਸਣਯੋਗ ਇਹ ਵੀ ਹੈ ਕਿ ਪੇਪਰ ਦੇ ਪਾਸ ਨੰਬਰ 29.75 ਦੇ ਮੁਕਾਬਲੇ ਅੰਗਹੀਣ ਕੋਟੇ ਦੇ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ ਦੇ ਮਹਿਜ਼ 31 ਅੰਕ ਆਏ ਹਨ। ਇਸ ਪੇਪਰ ਵਿੱਚੋਂ ਆਮ ਵਰਗ ਦੇ ਵਿਦਿਆਰਥੀ ਦੇ ਵੱਧ ਤੋਂ ਵੱਧ ਅੰਕ 63 ਆਏ ਹਨ। ਯੂਨੀਵਰਸਿਟੀ ਵੱਲੋਂ ਇਹਨਾਂ 11 ਅਸਾਮੀਆਂ ਲਈ ਫ਼ਿਲਹਾਲ 32 ਉਮੀਦਵਾਰਾਂ ਨੂੰ ਇੰਟਰਵਿਊ ਵਾਸਤੇ ਚੁਣਿਆ ਗਿਆ ਹੈ ਜਿਨ੍ਹਾਂ ਵਿੱਚ ਕੇ 24 ਲੜਕੀਆਂ ਅਤੇ 8 ਲੜਕੇ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਹਰ ਸਾਲ ਕਰੀਬ 1700 ਵਿਦਿਆਰਥੀ ਦੰਦਾਂ ਦੇ ਮਾਹਿਰ ਡਾਕਟਰ ਬਣ ਕੇ ਨਿਕਲਦੇ ਹਨ ਅਤੇ ਅਜਿਹੇ ਵਿੱਚ ਨੌਕਰੀ ਦੇ ਇਸ ਟੈਸਟ ਵਿੱਚ ਫ਼ੇਲ੍ਹ ਹੋਏ ਇਹਨਾਂ ਡਿਗਰੀ ਡਾਕਟਰਾਂ ਦੇ ਨਤੀਜਿਆਂ ਨੇ ਇਸ ਸਿੱਖਿਆ ਪ੍ਰਣਾਲੀ ਉੱਤੇ ਸਵਾਲ ਖੜੇ ਕੀਤੇ ਹਨ।