'ਘਰ-ਘਰ ਰੁਜ਼ਗਾਰ ਮਿਸ਼ਨ' ਤਹਿਤ ਪੀ.ਟੀ.ਯੂ ਵਿਖੇ ਵਿਸ਼ਾਲ ਰੋਜ਼ਗਾਰ ਮੇਲਾ ਕੱਲ੍ਹ

Last Updated: Feb 12 2019 19:48

ਪੰਜਾਬ ਸਰਕਾਰ ਦੇ 'ਘਰ-ਘਰ ਰੁਜ਼ਗਾਰ ਮਿਸ਼ਨ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਭਲਕੇ ਮਿਤੀ 13 ਫਰਵਰੀ 2019 ਨੂੰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਵਿਸ਼ਾਲ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦਾ ਸ਼ੁੱਭ ਆਰੰਭ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਵੇਰੇ 10 ਵਜੇ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਯੂਨੀਵਰਸਿਟੀ ਵਿਖੇ ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। 

ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 60 ਦੇ ਕਰੀਬ ਕੰਪਨੀਆਂ ਭਾਗ ਲੈ ਰਹੀਆਂ ਹਨ, ਜਿਨਾਂ ਵਿਚ ਆਈ. ਟੀ. ਸੀ, ਰੇਲ ਟੈੱਕ, ਸਵਿੱਗੀ, ਜ਼ੋਮਾਟੋ, ਯੂਰੇਕਾ ਫੋਰਬਸ, ਜ਼ੀਰੋ ਆਈ.ਟੀ ਸਲਿਊਸ਼ਨ, ਕੋਗਨਿਟਰ, ਐਕਸਿਜ਼ ਬੈਂਕ, ਐਸ. ਬੀ. ਆਈ ਲਾਈਫ ਫਾਈਨੈਂਸ਼ੀਅਲ, ਵਿਨਸਮ ਯਾਰਨਸ, ਸ਼ਾਰਪ ਇੰਜੀਨੀਅਰਸ, ਪਤੰਜਲੀ ਆਯੂਰਵੇਦ ਆਦਿ ਨਾਮੀ ਕੰਪਨੀਆਂ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਨਾਂ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਮੌਕੇ 'ਤੇ ਹੀ ਬੇਰੁਜ਼ਗਾਰ ਨੌਜਵਾਨਾਂ ਦੀ ਇੰਟਰਵਿਊ ਕਰਕੇ ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਅੱਠਵੀਂ, ਦਸਵੀਂ ਪਾਸ ਤੋਂ ਲੈ ਕੇ ਇੰਜੀਨੀਅਰਿੰਗ ਅਤੇ ਐਮ.ਬੀ.ਏ ਪਾਸ ਤੱਕ ਦੇ ਉਮੀਦਵਾਰ ਇੰਟਰਵਿਊ ਦੇ ਕੇ ਨੌਕਰੀ ਹਾਸਲ ਕਰ ਸਕਦੇ ਹਨ। 

ਸ. ਭੁੱਲਰ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਜੀ.ਓ.ਜੀਜ਼ ਰਾਹੀਂ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇਸ ਮੇਲੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਰੋਜ਼ਗਾਰ ਮੇਲੇ ਦਾ ਲਾਹਾ ਲੈਣ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ, ਯੂਨੀਵਰਸਿਟੀ ਦੇ ਡੀਨ (ਪਲੇਸਮੈਂਟ) ਡਾ. ਏ.ਪੀ ਸਿੰਘ, ਰਜਿਸਟਰਾਰ ਸੁਖਵੀਰ ਸਿੰਘ ਵਾਲੀਆ, ਪਲੇਸਮੈਂਟ ਰੋਜ਼ਗਾਰ ਅਫ਼ਸਰ ਨਵਦੀਪਕ ਸਿੰਘ ਸੰਧੂ, ਰਾਜੇਸ਼ ਬਾਹਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।