ਨਸ਼ੀਲੇ ਕੈਪਸੂਲਾਂ ਸਣੇ ਇੱਕ ਵਿਅਕਤੀ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ

Last Updated: Feb 12 2019 19:07
Reading time: 1 min, 17 secs

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਨਸ਼ੀਲੇ ਕੈਪਸੂਲਾਂ ਸਣੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਦੇ ਦੋਸ਼ 'ਚ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦੇ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਦੋਰਾਹਾ 'ਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨਸ਼ੀਲੇ ਕੈਪਸੂਲ ਸਣੇ ਕਾਬੂ ਵਿਅਕਤੀ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਚਓ ਸਿਟੀ-2 ਗਗਨਦੀਪ ਸਿੰਘ ਦੀ ਨਿਗਰਾਨੀ 'ਚ ਐਂਟੀ ਨਾਰਕੋਟਿਕਸ ਸੈਲ ਦੇ ਸਬ ਇੰਸਪੈਕਟਰ ਲਾਭ ਸਿੰਘ ਅਤੇ ਏਐਸਆਈ ਜਗਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਅਮਲੋਹ ਰੋਡ ਤੇ ਪੈਟਰੋਲਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਏਐਸ ਕਾਲਜ ਫ਼ਾਰ ਗਰਲਜ਼, ਖੰਨਾ ਦੀ ਦੀਵਾਰ ਕੋਲ ਖੜੇ ਇੱਕ ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਹੱਥ 'ਚ ਫੜਿਆ ਪਾਲੀਥੀਨ ਬੈਗ ਸੁੱਟ ਦਿੱਤਾ ਅਤੇ ਪੈਦਲ ਚੱਲ ਪਿਆ। ਜਿਸਦੇ ਚੱਲਦੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਲਿਆ।

ਐਸਐਸਪੀ ਧਰੁਵ ਦਹਿਆ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਵੱਲੋਂ ਜ਼ਮੀਨ ਤੇ ਸੁੱਟੇ ਗਏ ਪਾਲੀਥੀਨ ਲਿਫ਼ਾਫ਼ੇ ਨੂੰ ਖੋਲ੍ਹ ਕੇ ਚੈਕਿੰਗ ਕੀਤੀ ਤਾਂ ਉਸ ਵਿੱਚੋਂ 1500 ਨਸ਼ੀਲੇ ਕੈਪਸੂਲ ਮਾਰਕਾ ਸਪਾਸਮੋ ਪ੍ਰੋਕਸੀਵਨ ਬਰਾਮਦ ਹੋਏ। ਬਾਅਦ 'ਚ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸਦੀ ਪਹਿਚਾਣ ਸੁਨੀਲ ਕੁਮਾਰ ਵਾਸੀ ਬਾਰਾਬਾਂਕੀ (ਯੂ.ਪੀ) ਹਾਲ ਵਾਸੀ ਗੁਰਮੀਤ ਨਗਰ, ਮਿੱਠਾਪੁਰ ਰੋਡ ਜਲੰਧਰ ਵਜੋਂ ਹੋਈ ਹੈ। ਕਾਬੂ ਕੀਤੇ ਆਰੋਪੀ ਦੇ ਖ਼ਿਲਾਫ਼ ਥਾਣਾ ਸਿਟੀ-2 ਖੰਨਾ 'ਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਬਰਾਮਦ ਨਸ਼ੀਲੇ ਕੈਪਸੂਲ ਕਿੱਥੋਂ ਅਤੇ ਕਿਸ ਵਿਅਕਤੀ ਕੋਲੋਂ ਖ਼ਰੀਦ ਕੇ ਲਿਆਏ ਸਨ।