...ਜਦੋਂ ਮਾਰਿਆ ਐਸਡੀਐਮ ਸਿਵਲ ਹਸਪਤਾਲ 'ਚ ਛਾਪਾ, ਮਚੀ ਹਫੜਾ-ਦਫੜੀ...!!! (ਨਿਊਜ਼ਨੰਬਰ ਖਾਸ ਖਬਰ)

Last Updated: Feb 12 2019 18:52
Reading time: 2 mins, 17 secs

ਸਰਕਾਰੀ ਦਫਤਰਾਂ ਅਤੇ ਹੋਰ ਅਦਾਰਿਆਂ 'ਚ ਸੂਬੇ ਦੇ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵੱਲ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ, ਦਫਤਰਾਂ 'ਚ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਅਤੇ ਸਰਕਾਰੀ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਦੀ ਹਾਜ਼ਰੀ ਚੈਕ ਕਰਨ ਸਬੰਧੀ ਐਸਡੀਐਮ ਫਤਹਿਗੜ ਸਾਹਿਬ ਡਾ. ਸੰਜੀਵ ਕੁਮਾਰ ਵੱਲੋਂ ਆਪਣੀ ਟੀਮ ਨਾਲ ਸਿਵਲ ਹਸਪਤਾਲ 'ਚ ਅਚਾਨਕ ਛਾਪਾਮਾਰੀ ਕੀਤੀ ਗਈ। ਚੈਕਿੰਗ 'ਚ ਹਸਪਤਾਲ ਦੇ ਕੁੱਲ 46 ਡਾਕਟਰ ਤੇ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ, ਜਿਨ੍ਹਾਂ ਖਿਲਾਫ ਕਾਰਵਾਈ ਲਈ ਡੀ.ਸੀ ਆਫਿਸ ਅਤੇ ਸਿਹਤ ਵਿਭਾਗ ਨੂੰ ਰਿਪੋਰਟ ਭੇਜੀ ਗਈ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਸਿਵਲ ਹਸਪਤਾਲ ਫਤਹਿਗੜ ਸਾਹਿਬ 'ਚ ਚਹਿਲਕਦਮੀ ਸ਼ੁਰੂ ਹੋਈ ਸੀ। ਵੱਖ-ਵੱਖ ਇਲਾਕਿਆਂ 'ਚੋਂ ਇਲਾਜ ਕਰਵਾਉਣ ਦੇ ਲਈ ਆਮ ਲੋਕ ਹਸਪਤਾਲ ਪਹੁੰਚ ਰਹੇ ਸਨ। ਇਸਦੇ ਕੁਝ ਸਮਾਂ ਬਾਅਦ ਹੀ ਡਾਕਟਰਾਂ ਤੇ ਸਟਾਫ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਐਸਡੀਐਮ ਫਤਹਿਗੜ ਸਾਹਿਬ ਡਾ. ਸੰਜੀਵ ਕੁਮਾਰ ਨੇ ਅਧਿਕਾਰੀਆਂ ਦੀ ਟੀਮ ਦੇ ਨਾਲ ਅਚਾਨਕ ਛਾਪਾ ਮਾਰ ਦਿੱਤਾ। ਅਚਨਚੇਤ ਕੀਤੀ ਗਈ ਕਾਰਵਾਈ ਦੌਰਾਨ ਐਸਡੀਐਮ ਵੱਲੋਂ ਸਿਵਲ ਹਸਪਤਾਲ 'ਚ ਡਾਕਟਰਾਂ ਅਤੇ ਹੋਰ ਮੁਲਾਜ਼ਮਾਂ ਦੀ ਹਾਜ਼ਰੀ ਚੈਕ ਕੀਤੀ ਗਈ।

ਹਸਪਤਾਲ 'ਚ ਡਾਕਟਰਾਂ ਤੇ ਸਟਾਫ 'ਚ ਮਚੀ ਹਫੜਾ-ਦਫੜੀ
ਐਸਡੀਐਮ ਵੱਲੋਂ ਸਰਕਾਰੀ ਅਧਿਕਾਰੀਆਂ ਦੀ ਟੀਮ ਨਾਲ ਹਸਪਤਾਲ 'ਚ ਕੀਤੀ ਗਈ ਅਚਾਨਕ ਛਾਪਾਮਾਰੀ ਦੇਖਕੇ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ 'ਚ ਹਫੜਾ-ਦਫੜੀ ਮਚ ਗਈ। ਹਸਪਤਾਲ ਪਹੁੰਚਦੇ ਹੀ ਐਸਡੀਐਮ ਦੀ ਟੀਮ ਵੱਲੋਂ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ 'ਚ ਲੈ ਲਿਆ ਗਿਆ। ਇਸਦੇ ਬਾਅਦ ਐਸਡੀਐਮ ਵੱਲੋਂ ਵੱਖ-ਵੱਖ ਓ.ਪੀ.ਡੀ 'ਚ ਪਹੁੰਚ ਕੇ ਡਾਕਟਰਾਂ ਤੇ ਮੁਲਾਜ਼ਮਾਂ ਦੀ ਮੌਜੂਦਗੀ ਚੈਕ ਕੀਤੀ ਗਈ। ਇਸ ਚੈਕਿੰਗ ਦੌਰਾਨ ਸਿਵਲ ਹਸਪਤਾਲ 'ਚ 46 ਡਾਕਟਰ ਅਤੇ ਹੋਰ ਮੁਲਾਜ਼ਮ ਆਪਣੀ ਡਿਊਟੀ ਤੋਂ ਗੈਰਹਾਜ਼ਰ ਪਾਏ ਗਏ। ਐਸਡੀਐਮ ਵੱਲੋਂ ਗੈਰਹਾਜ਼ਰ ਡਾਕਟਰਾਂ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਰਿਪੋਰਟ ਭੇਜੀ ਦਿੱਤੀ ਗਈ ਹੈ।

ਕੀ ਕਹਿਣਾ ਹੈ ਐਸਡੀਐਮ ਡਾ. ਸੰਜੀਵ ਕੁਮਾਰ ਦਾ
ਸਿਵਲ ਹਸਪਤਾਲ 'ਚ ਕੀਤੀ ਗਈ ਅਚਾਨਕ ਚੈਕਿੰਗ ਸਬੰਧੀ ਐਸਡੀਐਮ ਡਾ. ਸੰਜੀਵ ਕੁਮਾਰ ਤੋਂ ਜਾਣਕਾਰੀ ਹਾਸਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਸਿਵਲ ਹਸਪਤਾਲ 'ਚ ਕੀਤੀ ਗਈ ਚੈਕਿੰਗ ਦੌਰਾਨ ਕੁਲ 46 ਡਾਕਟਰ ਅਤੇ ਹੋਰ ਮੁਲਾਜ਼ਮ ਗੈਰਹਾਜ਼ਰ ਪਾਏ ਗਏ ਹਨ। ਸਰਕਾਰੀ ਡਾਕਟਰਾਂ ਅਤੇ ਸਟਾਫ ਮੁਲਾਜ਼ਮਾਂ ਦੀ ਗੈਰਹਾਜ਼ਰੀ ਸਬੰਧੀ ਸਿਵਲ ਸਰਜਨ ਅਤੇ ਹਸਪਤਾਲ ਦੇ ਐਸਐਮਓ ਤੋਂ ਰਿਪੋਰਟ ਮੰਗੀ ਗਈ ਹੈ। ਇਸਦੇ ਨਾਲ ਹੀ ਗੈਰਹਾਜ਼ਰ ਰਹਿਣ ਵਾਲੇ ਡਾਕਟਰਾਂ ਅਤੇ ਮੁਲਾਜ਼ਮਾਂ ਤੋਂ ਵੀ ਜਵਾਬ ਤਲਬੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਡਿਊਟੀ ਪ੍ਰਤੀ ਕੀਤੀ ਜਾਣ ਵਾਲੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੈਕਿੰਗ ਦੌਰਾਨ ਗੈਰਹਾਜ਼ਰ ਪਾਏ ਗਏ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਅਗਲੀ ਕਾਰਵਾਈ ਲਈ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਹੈ। ਸਰਕਾਰੀ ਦਫਤਰਾਂ ਅਤੇ ਅਦਾਰਿਆਂ 'ਚ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਲਈ ਇਸ ਪ੍ਰਕਾਰ ਦੀਆਂ ਚੈਕਿੰਗਾਂ ਭਵਿੱਖ 'ਚ ਵੀ ਜਾਰੀ ਰਹਿਣਗੀਆਂ ਤਾਂ ਕਿ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਦਫ਼ਤਰ ਪਹੁੰਚ ਕੇ ਹਾਜ਼ਰ ਰਹਿਣ ਅਤੇ ਆਮ ਲੋਕਾਂ ਨੂੰ ਆਪਣੇ ਕੰਮਕਾਜਾਂ ਸਬੰਧੀ ਕਿਸੇ ਕਿਸਮ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।