ਮੂੰਹ ਢੱਕ ਕੇ ਵਾਹਨ ਚਲਾਉਣ ਵਾਲੇ ਜਾ ਸਕਦੇ ਹਨ ਸਲਾਖਾਂ ਦੇ ਪਿੱਛੇ..!!

Last Updated: Feb 12 2019 18:13
Reading time: 1 min, 5 secs

ਜੇਕਰ ਕਿਸੇ ਵਾਹਨ ਚਾਲਕ ਨੇ ਕੱਪੜੇ ਜਾਂ ਰੁਮਾਲ ਦੇ ਨਾਲ ਮੁੰਹ ਬੰਨਕੇ ਵਾਹਨ ਚਲਾਇਆ ਤਾਂ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਇਲਾਵਾ ਹਵਾਲਾਤ ਦੀਆਂ ਸਲਾਖਾਂ ਦੇ ਪਿੱਛੇ ਵੀ ਜਾਣਾ ਪੈ ਸਕਦਾ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮੂੰਹ ਢੱਕ ਕੇ ਵਾਹਨ ਚਲਾਉਂਦੇ ਸਮੇਂ ਵਾਹਨ ਚਾਲਕ ਦੇ ਫੜੇ ਜਾਣ 'ਤੇ ਪੁਲਿਸ ਵੱਲੋਂ ਸਬੰਧਿਤ ਵਾਹਨ ਚਾਲਕ ਦੇ ਖਿਲਾਫ ਐਫ.ਆਈ.ਆਰ ਵੀ ਦਰਜ ਕੀਤੀ ਜਾ ਸਕਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਫੌਜਦਾਰੀ ਦੰਡ ਸੰਘਤਾ 1973 ਦੀ ਧਾਰਾ-144 ਅਧੀਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੀਮਾ ਅੰਦਰ ਪੈਂਦੇ ਇਲਾਕਿਆਂ 'ਚ ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜ਼ਿਆਦਾਤਰ ਲੋਕ ਦੋਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਆਪਣਾ ਮੂੰਹ ਰੁਮਾਲ, ਮਫਲਰ ਅਤੇ ਹੋਰ ਕਈ ਤਰ੍ਹਾਂ ਦੇ ਕੱਪੜਿਆਂ ਨਾਲ ਢੱਕ ਕੇ ਰੱਖਦੇ ਹਨ।

ਉਹਨਾਂ ਅੱਗੇ ਦੱਸਿਆ ਕਿ ਇਸ ਤਰਾਂ ਦੇ ਹਾਲਾਤ ਦਾ ਫਾਇਦਾ ਚੁੱਕਦੇ ਹੋਏ ਗੈਰ ਸਮਾਜਕ ਅਨਸਰ ਆਪਣੀ ਪਹਿਚਾਣ ਛੁਪਾਉਂਦੇ ਹਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਜੁਰਮਾਂ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਮੂੰਹ ਢੱਕ ਕੇ ਦੋ ਪਹੀਆ ਵਾਹਨ ਸਵਾਰਾਂ ਵੱਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਵੀ ਲਗਾਤਾਰ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਜਾਰੀ ਕੀਤੇ ਗਈ ਪਾਬੰਦੀ ਸਬੰਧੀ ਇਹ ਹੁਕਮ 4 ਅਪ੍ਰੈਲ, 2019 ਤੱਕ ਲਾਗੂ ਰਹਿਣਗੇ।